ਨੈਰੋਬੀ, 26 ਜੂਨ
ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਅੱਜ ਐਲਾਨ ਕੀਤਾ ਕਿ ਉਹ ਨਵੇਂ ਟੈਕਸ ਦੀ ਤਜਵੀਜ਼ ਕਰਨ ਵਾਲੇ ਬਿੱਲ ’ਤੇ ਦਸਤਖ਼ਤ ਨਹੀਂ ਕਰਨਗੇ। ਰਾਸ਼ਟਰਪਤੀ ਦਾ ਇਹ ਬਿਆਨ ਬਿੱਲ ਖ਼ਿਲਾਫ਼ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਿਆਂ, ਮੁਜ਼ਾਹਰਾਕਾਰੀਆਂ ਵੱਲੋਂ ਸੰਸਦ ’ਤੇ ਹਮਲਾ ਕਰਨ ਅਤੇ ਕਈ ਲੋਕਾਂ ਦੀਆਂ ਜਾਨਾਂ ਜਾਣ ਤੋਂ ਇੱਕ ਦਿਨ ਬਾਅਦ ਆਇਆ ਹੈ। ਦਹਾਕਿਆਂ ਬਾਅਦ ਕੀਨੀਆ ਦੀ ਸਰਕਾਰ ਖ਼ਿਲਾਫ਼ ਇੰਨੇ ਹਿੰਸਕ ਪ੍ਰਦਰਸ਼ਨ ਹੋਏ ਹਨ। ਸਰਕਾਰ ਕਰਜ਼ਾ ਚੁਕਾਉਣ ਲਈ ਨਵੇਂ ਟੈਕਸ ਰਾਹੀਂ ਧਨ ਜੁਟਾਉਣਾ ਚਾਹੁੰਦੀ ਸੀ ਪਰ ਕੀਨੀਆ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਬਿੱਲ ਨਾਲ ਵਿੱਤੀ ਮੁਸ਼ਕਲਾਂ ਵਧਣਗੀਆਂ ਕਿਉਂਕਿ ਲੱਖਾਂ ਲੋਕਾਂ ਨੂੰ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਨਾ ਪਵੇਗਾ। ਵਿਵਾਦਤ ਵਿੱਤੀ ਬਿੱਲ ਕਾਰਨ ਬੀਤੇ ਦਿਨ ਦੇਸ਼ ’ਚ ਫੈਲੀ ਬਦਅਮਨੀ ਮਗਰੋਂ ਸਰਕਾਰ ਨੂੰ ਸੈਨਾ ਤਾਇਨਾਤ ਕਰਨੀ ਪਈ ਅਤੇ ਰੂਟੋ ਨੇ ਪ੍ਰਦਰਸ਼ਨਕਾਰੀਆਂ ਦੀ ਕਾਰਵਾਈ ਨੂੰ ਦੇਸ਼ ਧਰੋਹ ਕਰਾਰ ਦਿੱਤਾ ਸੀ। ਰਾਸ਼ਟਰਪਤੀ ਨੇ ਅੱਜ ਕਿਹਾ ਕਿ ਇਸ ਬਿੱਲ ਕਾਰਨ ਵੱਡੇ ਪੱਧਰ ’ਤੇ ਅਸੰਤੋਖ ਪੈਦਾ ਹੋਇਆ ਹੈ ਅਤੇ ਉਨ੍ਹਾਂ ਲੋਕਾਂ ਦੀ ਗੱਲ ਸੁਣੀ ਹੈ ਅਤੇ ਉਨ੍ਹਾਂ ਦੀ ਗੱਲ ਮੰਨ ਲਈ ਹੈ।
ਦੂਜੇ ਪਾਸੇ ਕੀਨੀਆ ਦੇ ਲੋਕਾਂ ਨੂੰ ਅੱਜ ਸੜਕਾਂ ’ਤੇ ਅਥਰੂ ਗੈਸ ਤੇ ਸੈਨਾ ਦਾ ਸਾਹਮਣਾ ਕਰਨਾ ਪਿਆ। ਇੱਕ ਦਿਨ ਪਹਿਲਾਂ ਹੀ ਹਜ਼ਾਰਾਂ ਲੋਕਾਂ ਨੇ ਸੰਸਦ ’ਤੇ ਹਮਲਾ ਕਰ ਦਿੱਤਾ ਸੀ। ਮਨੁੱਖੀ ਅਧਿਕਾਰ ਸਮੂਹਾਂ ਅਨੁਸਾਰ ਇਸ ਬਿੱਲ ਦੇ ਵਿਰੋਧ ’ਚ ਹੋਈ ਹਿੰਸਾ ’ਚ ਘੱਟੋ-ਘੱਟ 22 ਜਣਿਆਂ ਦੀ ਮੌਤ ਹੋਈ ਹੈ। -ਏਪੀ