ਪੇਈਚਿੰਗ, 19 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਜੇਕਰ ਚੀਨ, ਤਾਇਵਾਨ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕੀ ਫੌਜਾਂ ਉਸ ਦੀ ਰਾਖੀ ਕਰਨਗੀਆਂ। ਚੀਨ ਇਸ ਸਵੈ ਸ਼ਾਸਿਤ ਦੀਪ ’ਤੇ ਆਪਣਾ ਦਾਅਵਾ ਕਰਦਾ ਹੈ।
ਸੀਬੀਐੱਸ ਨਿਊਜ਼ ’ਤੇ ਪ੍ਰਸਾਰਿਤ ‘60 ਮਿਨਟਸ’ ਪ੍ਰੋਗਰਾਮ ਦੌਰਾਨ ਇੱਕ ਇੰਟਰਵਿਊ ’ਚ ਬਾਇਡਨ ਤੋਂ ਪੁੱਛਿਆ ਗਿਆ, ‘ਜੇਕਰ ਚੀਨ ਤਾਇਵਾਨ ’ਤੇ ਹਮਲਾ ਕਰਦਾ ਹੈ ਤਾਂ ਕੀ ਅਮਰੀਕੀ ਦਸਤੇ, ਅਮਰੀਕੀ ਪੁਰਸ਼ ਤੇ ਮਹਿਲਾਵਾਂ ਉਸ ਦੀ ਰਾਖੀ ਕਰਨਗੀਆਂ।’ ਇਸ ਦੇ ਜਵਾਬ ਵਿੱਚ ਬਾਇਡਨ ਨੇ ‘ਹਾਂ’ ਕਿਹਾ। ਸੀਬੀਐੱਸ ਨਿਊਜ਼ ਨੇ ਦੱਸਿਆ ਕਿ ਇੰਟਰਵਿਊ ਤੋਂ ਬਾਅਦ ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੀ ਨੀਤੀ ’ਚ ਕੋਈ ਤਬਦੀਲੀ ਨਹੀਂ ਆਈ ਹੈ। ਇਸ ਨੀਤੀ ਤਹਿਤ ਅਮਰੀਕਾ ਦਾ ਮੰਨਣਾ ਹੈ ਕਿ ਤਾਇਵਾਨ ਦਾ ਮਾਮਲਾ ਸ਼ਾਂਤੀਪੂਰਨ ਢੰਗ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ ਪਰ ਇਹ ਨੀਤੀ ਇਹ ਨਹੀਂ ਦਸਦੀ ਕਿ ਚੀਨੀ ਹਮਲੇ ਦੀ ਸਥਿਤੀ ’ਚ ਅਮਰੀਕੀ ਬਲਾਂ ਨੂੰ ਭੇਜਿਆ ਜਾ ਸਕਦਾ ਹੈ ਜਾਂ ਨਹੀਂ। ਬਾਇਡਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਰਕਾਰ ਨੇ ਸਮੁੰਦਰ ’ਚ ਮਿਜ਼ਾਈਲ ਦਾਗ ਕੇ ਨੇੜਲੇ ਇਲਾਕਿਆਂ ’ਚ ਲੜਾਕੂ ਜਹਾਜ਼ ਉਡਾ ਕੇ ਤਾਇਵਾਨ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸੇ ਵਿਚਾਲੇ ਤਾਇਵਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਸਰਕਾਰ ਦੇ ਤਾਇਵਾਨ ਦੀ ਸੁਰੱਖਿਆ ਦੇ ਵਾਅਦੇ ਦੀ ਪੁਸ਼ਟੀ ਲਈ ਅੱਜ ਬਾਇਡਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਤਾਇਵਾਨ ਖੇਤਰੀ ਸੁਰੱਖਿਆ ਲਈ ਹਰ ਹਮਲੇ ਦਾ ਵਿਰੋਧ ਕਰੇਗਾ ਅਤੇ ਅਮਰੀਕਾ ਤੇ ਹੋਰ ਹਮਖਿਆਲੀ ਸਰਕਾਰਾਂ ਨਾਲ ਸੁਰੱਖਿਆ ਭਾਈਵਾਲੀ ਮਜ਼ਬੂਤ ਬਣਾਏਗਾ। -ਏਪੀ
ਦੇਸ਼ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ: ਚੀਨ
ਪੇਈਚਿੰਗ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਤਾਇਵਾਨ ਦੇ ਹੱਕ ’ਚ ਦਿੱਤੇ ਬਿਆਨ ਮਗਰੋਂ ਚੀਨ ਨੇ ਅੱਜ ਕਿਹਾ ਕਿ ਉਹ ਤਾਇਵਾਨ ਦੇ ਸ਼ਾਂਤੀਪੂਰਨ ਢੰਗ ਨਾਲ ਮੁੜ ਰਲੇਵੇਂ ਦੇ ਹੱਕ ਵਿੱਚ ਹਨ ਅਤੇ ਉਨ੍ਹਾਂ ਦੇ ਦੇਸ਼ ਨੂੰ ਤੋੜਨ ਦੀ ਕੋਈ ਵੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਅੱਜ ਕਿਹਾ ਕਿ ਅਮਰੀਕੀ ਆਗੂ ਦੀ ਟਿੱਪਣੀ ‘ਇੱਕ ਚੀਨ’ ਨੀਤੀ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਬਾਇਡਨ ਦੀ ਟਿੱਪਣੀ ਤਾਇਵਾਨ ਦੀ ਆਜ਼ਾਦੀ ਦੀ ਹਮਾਇਤ ਨਾ ਕਰਨ ਸਬੰਧੀ ਅਮਰੀਕਾ ਦੀ ਵਚਨਬੱਧਤਾ ਦੀ ਉਲੰਘਣਾ ਹੈ। ਉਨ੍ਹਾਂ ਕਿਹਾ, ‘ਇੱਥੇ ਸਿਰਫ਼ ਇੱਕ ਚੀਨ ਹੈ ਤੇ ਤਾਇਵਾਨ ਇਸ ਦਾ ਹਿੱਸਾ ਹੈ ਅਤੇ ਚੀਨ ਲੋਕ ਗਣਰਾਜ (ਪੀਆਰਸੀ) ਸਰਕਾਰ ਇੱਕੋ-ਇੱਕ ਸਰਕਾਰ ਹੈ ਜੋ ਸਾਰੇ ਚੀਨ ਦੀ ਨੁਮਾਇੰਦਗੀ ਕਰਦੀ ਹੈ।’ -ਪੀਟੀਆਈ