ਦੁਬਈ/ਯੇਰੂਸ਼ਲਮ, 28 ਅਕਤੂਬਰ
ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਗ਼ੇਈ ਨੇ ਅੱਜ ਕਿਹਾ ਕਿ ਇਜ਼ਰਾਈਲ ਵੱਲੋਂ ਲੰਘੇ ਹਫ਼ਤੇ ਇਰਾਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦਾ ਜਵਾਬ ਦੇਣ ਲਈ ਤਹਿਰਾਨ ਹਰ ਢੰਗ ਦੀ ਵਰਤੋਂ ਕਰੇਗਾ। ਇਰਾਨ ਨੇ ਇਸ ਤੋਂ ਪਹਿਲਾਂ ਲੰਘੇ ਸ਼ਨਿਚਰਵਾਰ ਨੂੰ ਇਜ਼ਰਾਈਲ ਤੇ ਹਮਲਿਆਂ ਨੂੰ ਜ਼ਿਆਦਾ ਮਹੱਤਵ ਨਾ ਦਿੰਦਿਆਂ ਕਿਹਾ ਸੀ ਕਿ ਇਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ ਜਦਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਤਣਾਅ ਖਤਮ ਕਰਨ ਦਾ ਸੱਦਾ ਦਿੱਤਾ ਹੈ। ਦੂਜੇ ਪਾਸੇ ਇਜ਼ਰਾਇਲੀ ਸੈਨਿਕਾਂ ਨੇ ਉੱਤਰੀ ਗਾਜ਼ਾ ਦੇ ਹਸਪਤਾਲ ’ਚ ਛਾਪਾ ਮਾਰ ਕੇ ਸੌ ਦੇ ਕਰੀਬ ਹਮਾਸ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਗ਼ਏ ਨੇ ਕਿਹਾ, ‘ਇਜ਼ਰਾਈਲ ਨੂੰ ਢੁੱਕਵਾਂ ਜਵਾਬ ਦੇਣ ਲਈ ਇਰਾਨ ਹਰ ਤਰ੍ਹਾਂ ਦੇ ਢੰਗ ਦੀ ਵਰਤੋਂ ਕਰੇਗਾ।’ ਬਗ਼ੇਈ ਨੇ ਵਧੇਰੇ ਜਾਣਕਾਰੀ ਦਿੱਤੇ ਬਿਨਾਂ ਕਿਹਾ ਕਿ ਇਰਾਨ ਦਾ ਜਵਾਬ ਇਜ਼ਰਾਈਲ ਦੇ ਹਮਲੇ ’ਤੇ ਨਿਰਭਰ ਕਰਦਾ ਹੈ। ਇਸੇ ਦੌਰਾਨ ਅੱਜ ਸੈਨਾ ਨੇ ਦੱਸਿਆ ਕਿ ਇਜ਼ਰਾਇਲੀ ਸੈਨਿਕਾਂ ਨੇ ਉੱਤਰੀ ਗਾਜ਼ਾ ਦੇ ਕਮਾਲ ਅਦਵਾਨ ਹਸਪਤਾਲ ’ਚ ਛਾਪਾ ਮਾਰ ਕੇ ਤਕਰੀਬਨ 100 ਹਮਾਸ ਅਤਿਵਾਦੀ ਗ੍ਰਿਫ਼ਤਾਰ ਕੀਤੇ ਹਨ। ਸੈਨਾ ਨੇ ਕਿਹਾ, ‘ਸੈਨਿਕਾਂ ਨੇ ਤਕਰੀਬਨ ਸੌ ਅਤਿਵਾਦੀ ਫੜ ਲਏ ਜਿਨ੍ਹਾਂ ’ਚ ਉਹ ਅਤਿਵਾਦੀ ਵੀ ਸ਼ਾਮਲ ਸਨ ਜਿਨ੍ਹਾਂ ਨਾਗਰਿਕਾਂ ਦੀ ਨਿਕਾਸੀ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ। ਹਸਪਤਾਲ ਅੰਦਰੋਂ ਹਥਿਆਰ, ਅਤਿਵਾਦੀ ਫੰਡ ਤੇ ਖੁਫੀਆ ਦਸਤਾਵੇਜ਼ ਬਰਾਮਦ ਹੋਏ ਹਨ।’ -ਰਾਇਟਰਜ਼
ਇਜ਼ਰਾਈਲ ਵੱਲੋਂ ਲਿਬਨਾਨ ਦਾ ਸਾਹਿਲੀ ਸ਼ਹਿਰ ਖਾਲੀ ਕਰਨ ਦਾ ਹੁਕਮ
ਦੁਬਈ: ਇਜ਼ਰਾਇਲੀ ਸੈਨਾ ਨੇ ਅੱਜ ਲਿਬਨਾਨ ਦੇ ਸਾਹਿਲੀ ਸ਼ਹਿਰ ਟਾਇਰ ਦੇ ਵੱਡੇ ਇਲਾਕਿਆਂ ’ਚੋਂ ਲੋਕਾਂ ਦੀ ਨਿਕਾਸੀ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ’ਚ ਉਹ ਇਲਾਕੇ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਪਹਿਲਾਂ ਹੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਕੁਝ ਹੋਰ ਨਵੇਂ ਇਲਾਕੇ ਵੀ ਸ਼ਾਮਲ ਹਨ। ਇਨ੍ਹਾਂ ’ਚ ਇਕ ਹੋਟਲ ਵੀ ਸ਼ਾਮਲ ਹੈ ਜਿੱਥੇ ਆਮ ਤੌਰ ’ਤੇ ਪੱਤਰਕਾਰ ਰੁਕਦੇ ਹਨ। -ਰਾਇਟਰਜ਼