ਵਾਸ਼ਿੰਗਟਨ, 28 ਜੁਲਾਈ
ਡੈਮੋਕਰੈਟਿਕ ਪਾਰਟੀ ਤਰਫੋਂ ਰਾਸ਼ਟਰਪਤੀ ਅਹੁਦੇ ਦੀ ਸੰਭਾਵੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਵ੍ਹਾਈਟ ਹਾਊਸ ਦੀ ਦੌੜ ਵਿੱਚ ਭਾਵੇਂ ‘ਕਮਜ਼ੋਰ’ ਸਮਝਿਆ ਜਾ ਰਿਹਾ ਹੈ, ਪਰ ਉਹ ਜ਼ਮੀਨੀ ਪੱਧਰ ’ਤੇ ਆਪਣੀ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਦੇ ਦਮ ’ਤੇ ਨਵੰਬਰ ਵਿੱਚ ਹੋਣ ਵਾਲੀ ਚੋਣ ਜ਼ਰੂਰੀ ਜਿੱਤੇਗੀ। ਉਪ ਰਾਸ਼ਟਰਪਤੀ ਹੈਰਿਸ ਨੇ ਮੈਸਾਚਿਊਸੈਟਸ ਦੇ ਪਿਟਫੀਲਡ ਵਿੱਚ ਆਪਣੇ ਲਈ ਫੰਡ ਜੁਟਾਉਣ ਵਾਲੇ 800 ਲੋਕਾਂ ਦੇ ਇੱਕ ਗਰੁੱਪ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਨੂੰ ਭਾਵੇਂ ਇਸ ਦੌੜ ਵਿੱਚ ਕਮਜ਼ੋਰ ਸਮਝਿਆ ਜਾ ਰਿਹਾ ਹੈ ਪਰ ਇਹ ਜ਼ਮੀਨੀ ਪੱਧਰ ’ਤੇ ਇੱਕ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਹੈ।’’ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦੇ ਅਧਿਕਾਰਿਤ ਐਲਾਨ ਮਗਰੋਂ ਫੰਡ ਜੁਟਾਉਣ ਸਬੰਧੀ ਪਹਿਲੀ ਮੁਹਿੰਮ ਵਿੱਚ ਹੈਰਿਸ ਨੇ ਸਮਰਥਕਾਂ ਨੂੰ ਕਿਹਾ ਕਿ ਇਹ ਚੋਣ ਦੇਸ਼ ਲਈ ਦੋ ਨਜ਼ਰੀਆਂ ਦਰਮਿਆਨ ਚੋਣ ਹੈ। -ਪੀਟੀਆਈ
ਅਮਰੀਕਾ ’ਚ ਅਪਰਾਧ, ਤਬਾਹੀ ਤੇ ਮੌਤ ਲੈ ਕੇ ਆਵੇਗੀ ਹੈਰਿਸ: ਟਰੰਪ
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੈਟਿਕ ਪਾਰਟੀ ਦੀ ਆਪਣੀ ਵਿਰੋਧੀ ਕਮਲਾ ਹੈਰਿਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੌਜੂਦਾ ਉਪ ਰਾਸ਼ਟਰਪਤੀ ਅਮਰੀਕਾ ਵਿੱਚ ਅਪਰਾਧ, ਅਰਾਜਕਤਾ, ਤਬਾਹੀ ਅਤੇ ਮੌਤ ਲੈ ਕੇ ਆਵੇਗੀ। ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿੱਚ ਸਿਰਫ਼ 100 ਦਿਨ ਬਚੇ ਹਨ। ਇਸ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਨੇ ਇੱਕ ਰੈਲੀ ਦੌਰਾਨ ਹੈਰਿਸ ਨੂੰ ਮਿਨੀਸੋਟਾ ਵਿੱਚ ਬਾਇਡਨ ਤੋਂ ਵੀ ਖ਼ਰਾਬ ਕਰਾਰ ਦਿੱਤਾ। ਟਰੰਪ (78) ਨੇ ਕਿਹਾ, ‘‘ਅਤਿ-ਉਦਾਰਵਾਦੀ ਕਮਲਾ ਹੈਰਿਸ ਸਾਡੇ ਦੇਸ਼ ਵਿੱਚ ਅਪਰਾਧ, ਅਰਾਜਕਤਾ, ਤਬਾਹੀ ਅਤੇ ਮੌਤ ਲੈ ਕੇ ਆਵੇਗੀ। ਮੈਂ ਅਮਰੀਕਾ ਵਿੱਚ ਕਾਨੂੰਨ ਵਿਵਸਥਾ ਅਤੇ ਨਿਆਂ ਲੈ ਕੇ ਆਵਾਂਗਾ।’’ -ਪੀਟੀਆਈ