ਵਾਸ਼ਿੰਗਟਨ, 26 ਜੁਲਾਈ
ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਹੁਣ ਜਦੋਂ ਮਸਾਂ 100 ਦਿਨ ਬਚੇ ਹਨ ਤਾਂ ਜ਼ਿਆਦਾਤਰ ਅਮਰੀਕੀਆਂ ਦਾ ਮੰਨਣਾ ਹੈ ਕਿ ਡੋਨਲਡ ਟਰੰਪ ਦੀ ਅਗਵਾਈ ਹੇਠ ਮੁਲਕ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਏਪੀ-ਐੱਨਓਆਰਸੀ ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਵੱਲੋਂ ਕੀਤੇ ਗਏ ਨਵੇਂ ਸਰਵੇਖਣ ’ਚ ਦਾਅਵਾ ਕੀਤਾ ਗਿਆ ਹੈ ਕਿ ਕਰੋਨਾਵਾਇਰਸ ਮਹਾਮਾਰੀ ਨੂੰ ਨਜਿੱਠਣ ’ਚ ਟਰੰਪ ਵੱਲੋਂ ਅਪਣਾਈ ਗਈ ਰਣਨੀਤੀ ਦੀ ਮਹਿਜ਼ 32 ਫ਼ੀਸਦੀ ਲੋਕਾਂ ਨੇ ਹਮਾਇਤ ਕੀਤੀ ਹੈ। ਸਰਵੇਖਣ ’ਚ 10 ’ਚੋਂ 8 ਅਮਰੀਕੀਆਂ ਨੇ ਕਿਹਾ ਕਿ ਮੁਲਕ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਹੁਣ ਸਿਰਫ਼ 38 ਫ਼ੀਸਦੀ ਅਮਰੀਕੀ ਆਖ ਰਹੇ ਹਨ ਕਿ ਅਰਥਚਾਰਾ ਅਗਾਂਹ ਵੱਧ ਰਿਹਾ ਹੈ। ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਲਗਾਤਾਰ ਟਰੰਪ ’ਤੇ ਬੜ੍ਹਤ ਬਣਾ ਰਹੇ ਹਨ। ਉਨ੍ਹਾਂ ਦੇ ਡਿਪਟੀ ਕੈਂਪੇਨ ਮੈਨੇਜਰ ਕੇਟ ਬੈਡਿੰਗਫੀਲਡ ਨੇ ਕਿਹਾ ਕਿ ਲੋਕ ਸਰਕਾਰ ਤੋਂ ਤੰਗ ਆ ਗਏ ਹਨ ਜੋ ਵੰਡੀ ਪਈ ਹੈ ਅਤੇ ਕੁਝ ਵੀ ਸਹੀ ਨਹੀਂ ਚੱਲ ਰਿਹਾ ਹੈ। ਟਰੰਪ ਦੀ ਪਾਰਟੀ ਰਿਪਬਲਿਕਨ ’ਚ ਵੀ ਉਨ੍ਹਾਂ ਵੱਲੋਂ ਮਹਾਮਾਰੀ ਨਾਲ ਸਿੱਝਣ ’ਚ ਅਪਣਾਈ ਗਈ ਰਣਨੀਤੀ ’ਤੇ ਮੱਤਭੇਦ ਹਨ। –ਏਪੀ