ਸਾਲਟ ਲੇਕ ਸਿਟੀ (ਅਮਰੀਕਾ), 8 ਅਗਸਤ
ਆਪਣੀ ਮਹਿਲਾ ਦੋਸਤ ਦੀ ਮਾਂ ਦਾ ਗਲ਼ ਵੱਢ ਕੇ ਉਸ ਨੂੰ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਵੀਰਵਾਰ ਸਵੇਰੇ ਜ਼ਹਿਰ ਦਾ ਟੀਕਾ ਲਗਾ ਕੇ ਸਜ਼ਾ-ਏ-ਮੌਤ ਦਿੱਤੀ ਗਈ। 2010 ਤੋਂ ਬਾਅਦ ਸੂਬੇ ਵਿੱਚ ਇਹ ਪਹਿਲੀ ਮੌਤ ਦੀ ਸਜ਼ਾ ਹੈ। ਅਮਰੀਕੀ ਸੂਬੇ ਯੂਟਾ ਨਾਲ ਸਬੰਧਤ ਟੈਬਰੋਨ ਡੇਵ ਹੋਨੀ (48) ਨੂੰ 1998 ਵਿੱਚ ਕਲੌਡੀਆ ਬੈੱਨ ਦੀ ਹੋਈ ਮੌਤ ਦੇ ਮਾਮਲੇ ਵਿੱਚ ਬੇਰਹਿਮੀ ਨਾਲ ਕੀਤੇ ਗਏ ਕਤਲ ਦਾ ਦੋੋਸ਼ੀ ਪਾਇਆ ਗਿਆ ਸੀ। ਹੋਨੀ ਉਦੋਂ 22 ਸਾਲ ਦਾ ਸੀ। ਉਹ ਸੀਡਰ ਸਿਟੀ ਵਿੱਚ ਸਥਿਤ ਬੈੱਨ ਦੇ ਘਰ ਵਿੱਚ ਜਬਰੀ ਵੜ ਗਿਆ ਸੀ। ਉਸ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਅਤੇ ਹੋਰ ਨਸ਼ਾ ਵੀ ਕੀਤਾ ਹੋਇਆ ਸੀ। ਇਸ ਦੌਰਾਨ ਉਸ ਨੇ ਬੈੱਨ ਦਾ ਗਲਾ ਵਾਰ-ਵਾਰ ਕੱਟਣ ਤੋਂ ਬਾਅਦ ਉਸ ਦੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਚਾਕੂ ਨਾਲ ਵਾਰ ਕੀਤੇ ਸਨ। ਉਸ ਵੇਲੇ ਹੋਨੀ ਦੀ ਦੋ ਸਾਲਾ ਧੀ ਸਣੇ ਬੈੱਨ ਦੇ ਦੋਹਤੇ-ਪੋਤੇ ਵੀ ਘਰ ਵਿੱਚ ਹਾਜ਼ਰ ਸਨ। ਇਹ ਵੀ ਪਾਇਆ ਗਿਆ ਕਿ ਹੋਨੀ ਨੇ ਇਕ ਬੱਚੇ ਦਾ ਜਿਨਸੀ ਸ਼ੋਸ਼ਣ ਵੀ ਕੀਤਾ ਸੀ, ਜਿਸ ਕਾਰਨ ਜੱਜ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਮੌਤ ਤੋਂ ਪਹਿਲਾਂ ਹੋਨੀ ਨੇ ਆਪਣੀ ਆਖਰੀ ਖੁਰਾਕ ਵਜੋਂ ਇਕ ਚੀਜ਼ ਬਰਗਰ, ਫਰੈਂਚ ਫਰਾਈਜ਼ ਖਾਧੇ ਅਤੇ ਇਕ ਮਿਲਕਸ਼ੇਕ ਪੀਤਾ। ਮਰਨ ਤੋਂ ਪੂਰਬਲੀ ਸ਼ਾਮ ਉਸ ਨੇ ਆਪਣੇ ਪਰਿਵਾਰ ਨਾਲ ਬਿਤਾਈ। -ਏਪੀ