ਇਸਲਾਮਾਬਾਦ, 10 ਦਸੰਬਰ
ਵਿਸ਼ਵ ਬੈਂਕ ਨੇ ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਵਾਤਾਵਰਨ ਤਬਦੀਲੀ ਸਬੰਧੀ ਮੁੱਦਿਆਂ ਨਾਲ ਸਿੱਝਣ ਲਈ 30 ਕਰੋੜ ਅਮਰੀਕੀ ਡਾਲਰ ਦਾ ਕਰਜ਼ਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਰਕਮ ਦੇਸ਼ ਵਿੱਚ ਹੜ੍ਹਾਂ ਵਰਗੇ ਹਾਲਾਤ ਨੂੰ ਘਟਾਉਣ, ਸਿਹਤ ਸਮੱਸਿਆਵਾਂ ਅਤੇ ਠੋਸ ਕੂੜਾ ਪ੍ਰਬੰਧਨ ਆਦਿ ਜਿਹੇ ਕੰਮਾਂ ਉੱਤੇ ਖ਼ਰਚੀ ਜਾਵੇਗੀ। ‘ਐਕਸਪ੍ਰੈੱਸ ਟ੍ਰਿਬਿਊਨ’ ਵਿੱਚ ਬੈਂਕ ਦੇ ਸਥਾਨਕ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ਸਿੰਧ ਦੀ ਰਾਜਧਾਨੀ ਕਰਾਚੀ ਵਿੱਚ ਕੁਦਰਤੀ ਆਫ਼ਤਾਂ ਦੇ ਟਾਕਰੇ ਲਈ 20 ਕਰੋੜ ਅਮਰੀਕੀ ਡਾਲਰ ਅਤੇ ਠੋਸ ਕੂੜਾ ਪ੍ਰਬੰਧਨ ਤੇ ਹੋਰ ਪ੍ਰਾਜੈਕਟਾਂ ਲਈ ਦਸ ਕਰੋੜ ਅਮਰੀਕੀ ਡਾਲਰ ਮਨਜ਼ੂਰ ਕੀਤੇ ਗਏ ਹਨ। ਵਿਸ਼ਵ ਬੈਂਕ ਦਾ ਇਸ ਸਹਾਇਤਾ ਪਿੱਛੇ ਉਦੇਸ਼ ਲੋਕਾਂ ਦੀ ਸਿਹਤ ਤੇ ਪਾਕਿਸਤਾਨ ਦੀ ਆਰਥਿਕਤਾ ਨੂੰ ਬਚਾਉਣਾ ਹੈ। -ਪੀਟੀਆਈ