ਇਸਲਾਮਾਬਾਦ, 22 ਫਰਵਰੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਹ ਗੁਆਂਢੀ ਮੁਲਕ ਨਾਲ ਜਾਰੀ ਵੱਖਰੇਵਿਆਂ ਨੂੰ ਦੂਰ ਕਰਨ ਲਈ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਟੈਲੀਵਿਜ਼ਨ ’ਤੇ ਵਾਦ-ਵਿਵਾਦ ਕਰਨਾ ਚਾਹੁਣਗੇ। ਖ਼ਾਨ ਨੇ ਇਹ ਦਾਅਵਾ ਅੱਜ ਇਥੇ ਮਾਸਕੋ ਦੀ ਆਪਣੀ ਪਲੇਠੀ ਦੋ ਰੋਜ਼ਾ ਫੇਰੀ ਦੀ ਪੂਰਬਲੀ ਸੰਧਿਆ ਰੂਸ ਦੇ ਸਰਕਾਰੀ ਟੈਲੀਵਿਜ਼ਨ ਨੈੱਟਵਰਕ ਆਰਟੀ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤਾ। ਪਿਛਲੇ ਦੋ ਦਹਾਕਿਆਂ ਵਿਚ ਪਾਕਿਸਤਾਨ ਦੇ ਕਿਸੇ ਵਜ਼ੀਰ ਆਜ਼ਮ ਦੀ ਰੂਸ ਦੀ ਇਹ ਪਲੇਠੀ ਫੇਰੀ ਹੋਵੇਗੀ। ਆਪਣੀ ਇਸ ਫੇਰੀ ਦੌਰਾਨ ਇਮਰਾਨ ਖ਼ਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਪ੍ਰਮੁੱਖ ਖੇਤਰੀ ਤੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਕਰਨਗੇ। ਖ਼ਾਨ ਨੇ ਰੂਸ-ਯੂਕਰੇਨ ਵਿਵਾਦ ਦਾ ‘ਸ਼ਾਂਤੀਪੂਰਵਕ ਹੱਲ’ ਨਿਕਲਣ ਦੀ ਆਸ ਜਤਾਈ ਹੈ। ਖ਼ਾਨ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਮੈਂ ਨਰਿੰਦਰ ਮੋਦੀ ਨਾਲ ਟੈਲੀਵਿਜ਼ਨ ’ਤੇ ਵਾਦ-ਵਿਵਾਦ ਕਰਨਾ ਚਾਹਾਂਗਾ।’’ ਉਨ੍ਹਾਂ ਕਿਹਾ ਕਿ ਜੇਕਰ ਵਾਦ-ਵਿਵਾਦ ਨਾਲ ਪਾਕਿਸਤਾਨ ਤੇ ਭਾਰਤ ਦੇ ਵੱਖਰੇਵੇਂ ਦੂਰ ਹੋ ਜਾਣ ਤਾਂ ਉਪਮਹਾਦੀਪ ਦੇ ਇਕ ਅਰਬ ਤੋਂ ਵੱਧ ਲੋਕਾਂ ਲਈ ਇਸ ਤੋਂ ਚੰਗੀ ਗੱਲ ਹੋਰ ਕੀ ਹੋਵੇਗੀ। ਇਕ ਸਵਾਲ ਦੇ ਜਵਾਬ ਵਿੱਚ ਖ਼ਾਨ ਨੇ ਕਿਹਾ ਕਿ ਸਾਲ 2018 ਵਿੱਚ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੱਤਾ ਵਿੱਚ ਆਉਣ ਤੋਂ ਫੌਰੀ ਮਗਰੋਂ ਉਨ੍ਹਾਂ ਭਾਰਤ ਤੱਕ ਰਸਾਈ ਕਰਦਿਆਂ ਭਾਰਤੀ ਲੀਡਰਸ਼ਿਪ ਨੂੰ ਮੇਜ਼ ’ਤੇ ਬੈਠ ਕੇ ਕਸ਼ਮੀਰ ਮੁੱਦਾ ਹੱਲ ਕਰਨ ਲਈ ਕਿਹਾ ਸੀ। -ਪੀਟੀਆਈ
ਇਮਰਾਨ ਦੇ ਮੁਤਬੰਨੇ ਪੁੱਤਰ ਸਣੇ ਤਿੰਨ ਖਿਲਾਫ਼ ਕੇਸ ਦਰਜ
ਲਾਹੌਰ: ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੇ ਮੁਤਬੰਨੇ ਪੁੱਤਰ ਸਣੇ ਤਿੰਨ ਜਣਿਆਂ ਖਿਲਾਫ਼ ਸ਼ਰਾਬ ਬਰਾਮਦਗੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉੱਚ ਅਧਿਕਾਰੀਆਂ ਦੇ ਦਖ਼ਲ ਮਗਰੋਂ ਹਾਲਾਂਕਿ ਇਨ੍ਹਾਂ ਨੂੰ ਛੱਡ ਦਿੱਤਾ ਗਿਆ। ਐੱਫਆਈਆਰ ਮੁਤਾਬਕ ਖ਼ਾਨ ਦੀ ਪਹਿਲੀ ਬੇਗ਼ਮ ਬੁਸ਼ਰਾ ਬੀਬੀ ਦੇ ਪੁੱਤਰ ਮੂਸਾ ਮਾਨੇਕਾ ਤੇ ਉਸ ਦੇ ਦੋ ਦੋਸਤਾਂ ਨੂੰ ਸੋਮਵਾਰ ਨੂੰ ਗ਼ੱਦਾਫ਼ੀ ਸਟੇਡੀਅਮ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਇਨ੍ਹਾਂ ਦੀ ਕਾਰ ਵਿਚੋਂ ਸ਼ਰਾਬ ਬਰਾਮਦ ਕੀਤੀ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਦਖ਼ਲ ਤੇ ਪਰਿਵਾਰਾਂ ਵੱਲੋਂ ਦਿੱਤੀ ਨਿੱਜੀ ਗਾਰੰਟੀ ਜਿਹੀ ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ ਇਨ੍ਹਾਂ ਨੂੰ ਛੱਡ ਦਿੱਤਾ ਗਿਆ। ਪਾਕਿਸਤਾਨ ਵਿੱਚ ਸ਼ਰਾਬ ਪੀਣਾ ਤੇ ਇਸ ਦੀ ਵਿਕਰੀ ਗੈਰਕਾਨੂੰਨੀ ਹੈ। -ਪੀਟੀਆਈ