ਨਿਊ ਯਾਰਕ, 26 ਸਤੰਬਰ
ਪੁਲਿਤਜ਼ਰ ਪੁਰਸਕਾਰ ਜੇਤੂ ਭਾਰਤੀ ਮੂਲ ਦੀ ਲੇਖਿਕਾ ਝੁੰਪਾ ਲਹਿੜੀ ਨੇ ਗਾਜ਼ਾ ’ਚ ਫਲਸਤੀਨੀਆਂ ਪ੍ਰਤੀ ਇਕਜੁੱਟਤਾ ਦਿਖਾਉਂਦਿਆਂ ‘ਕਾਫ਼ੀਯੇਹ’ ਪਹਿਨਣ ਵਾਲੇ ਤਿੰਨ ਮੁਲਾਜ਼ਮਾਂ ਨੂੰ ਕੱਢੇ ਜਾਣ ਦੇ ਵਿਰੋਧ ’ਚ ਅਮਰੀਕਾ ਦੇ ਕੁਈਨਸ ਸਥਿਤ ਨੋਗੁਚੀ ਮਿਊਜ਼ੀਅਮ ਤੋਂ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ‘ਕਾਫ਼ੀਯੇਹ’ ਇਕ ਤਰ੍ਹਾਂ ਦਾ ਸਿਰ ’ਤੇ ਬੰਨ੍ਹਿਆ ਜਾਣ ਵਾਲਾ ਕੱਪੜਾ ਹੈ, ਜੋ ਜ਼ਿਆਦਾਤਰ ਫਲਸਤੀਨੀ ਪਹਿਨਦੇ ਹਨ। ਮਿਊਜ਼ੀਅਮ ਨੇ ਇਕ ਬਿਆਨ ’ਚ ਕਿਹਾ, ‘ਝੁੰਪਾ ਲਹਿੜੀ ਨੇ ਸਾਡੀ ਨਵੀਂ ਪੋਸ਼ਾਕ ਕੋਡ ਨੀਤੀ ਦੇ ਵਿਰੋਧ ’ਚ 2024 ਇਸਾਮੂ ਨੋਗੁਚੀ ਪੁਰਸਕਾਰ ਲਈ ਆਪਣੀ ਮਨਜ਼ੂਰੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਅਸੀਂ ਉਨ੍ਹਾਂ ਦੇ ਨਜ਼ਰੀਏ ਦਾ ਸਨਮਾਨ ਕਰਦੇ ਹਾਂ ਅਤੇ ਸਮਝਦੇ ਹਾਂ ਕਿ ਇਹ ਨੀਤੀ ਹਰ ਕਿਸੇ ਦੇ ਵਿਚਾਰਾਂ ਨਾਲ ਮੇਲ ਵੀ ਖਾ ਸਕਦੀ ਹੈ ਅਤੇ ਨਹੀਂ ਵੀ।’ ਨਿਊ ਯਾਰਕ ਸਥਿਤ ਮਿਊਜ਼ੀਅਮ ਦੀ ਸਥਾਪਨਾ ਕਰੀਬ 40 ਸਾਲ ਪਹਿਲਾਂ ਜਪਾਨੀ-ਅਮਰੀਕੀ ਡਿਜ਼ਾਈਨਰ ਅਤੇ ਮੂਰਤੀਕਾਰ ਨੋਗੁਚੀ ਨੇ ਕੀਤੀ ਸੀ। ਮਿਊਜ਼ੀਅਮ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਮੁਲਾਜ਼ਮ ਆਪਣੇ ਕੰਮ ਦੇ ਘੰਟਿਆਂ ਦੌਰਾਨ ‘ਸਿਆਸੀ ਸੁਨੇਹਿਆਂ, ਨਾਅਰੇ ਜਾਂ ਪ੍ਰਤੀਕ’ ਜ਼ਾਹਿਰ ਕਰਨ ਵਾਲੇ ਕੱਪੜੇ ਜਾਂ ਕੋਈ ਹੋਰ ਸਮੱਗਰੀ ਨਹੀਂ ਪਹਿਨ ਸਕਦੇ ਹਨ। ਮਿਊਜ਼ੀਅਮ ਦੇ ਕਈ ਮੁਲਾਜ਼ਮਾਂ ਵੱਲੋਂ ਫਲਸਤੀਨੀਆਂ ਦੀ ਹਮਾਇਤ ’ਚ ‘ਕਾਫ਼ੀਯੇਹ’ ਪਹਿਨੇ ਜਾਣ ਮਗਰੋਂ ਇਹ ਨੀਤੀ ਲਾਗੂ ਕੀਤੀ ਗਈ ਸੀ। -ਪੀਟੀਆਈ