ਪੇਈਚਿੰਗ: ਚੀਨ ਦੀ ਹਾਕਮ ਕਮਿਊਨਿਸਟ ਪਾਰਟੀ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਲਈ ਤੀਜੇ ਕਾਰਜਕਾਲ ਲਈ ਰਾਹ ਪੱਧਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਅਗਲੇ ਕੁਝ ਮਹੀਨਿਆਂ ਅੰਦਰ ਹੋਣ ਵਾਲੀ ਪਾਰਟੀ ਕਾਂਗਰਸ ਲਈ ਇੱਕ ਨੁਮਾਇੰਦੇ ਵਜੋਂ ਸਰਬ ਸੰਮਤੀ ਨਾਲ ਚੁਣ ਲਏ ਗਏ ਹਨ ਅਤੇ ਇਸ ’ਚ ਉਨ੍ਹਾਂ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਬਣੇ ਰਹਿਣ ਲਈ ਮੋਹਰ ਲਾਏ ਜਾਣ ਦੀ ਪੂਰੀ ਸੰਭਾਵਨਾ ਹੈ। ਪਾਰਟੀ ਕਾਂਗਰਸ ਦੀ ਮੀਟਿੰਗ ਪੰਜ ਸਾਲਾਂ ’ਚ ਇੱਕ ਵਾਰ ਹੁੰਦੀ ਹੈ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਦੀ ਖ਼ਬਰ ਅਨੁਸਾਰ 68 ਸਾਲਾ ਸ਼ੀ ਨੂੰ ਅੱਜ ਸਰਬ ਸੰਮਤੀ ਨਾਲ ਪਾਰਟੀ ਦੀ ਗੁਆਂਗਸ਼ੀ ਖੇਤਰੀ ਕਾਂਗਰਸ ’ਚ ਕਮਿਊਨਿਸਟ ਪਾਰਟੀ ਆਫ ਚਾਈਨਾ ਦੀ 20ਵੀਂ ਕਾਂਗਰਸ ਦਾ ਨੁਮਾਇੰਦਾ ਚੁਣਿਆ ਗਿਆ। ਖ਼ਬਰ ’ਚ ਕਿਹਾ ਗਿਆ ਹੈ ਕਿ ਸ਼ੀ ਨੂੰ ਸੀਪੀਸੀ ਕੇਂਦਰੀ ਕਮੇਟੀ ਨੇ 20ਵੀਂ ਸੀਪੀਸੀ ਕੌਮੀ ਕਾਂਗਰਸ ’ਚ ਨੁਮਾਇੰਦੇ ਵਜੋਂ ਨਾਮਜ਼ਦ ਕੀਤਾ ਹੈ। ਇਹ ਕਾਂਗਰਸ 2022 ਦੀ ਦੂਜੀ ਛਿਮਾਹੀ ’ਚ ਹੋਣ ਵਾਲੀ ਹੈ। ਗੁਆਂਗਸ਼ੀ ਜ਼ੁਆਂਗ ਖੇਤਰ ਦੀ ਸੀਪੀਸੀ ਕਾਂਗਰਸ ਬੀਤੇ ਦਿਨ ਤੇ ਅੱਜ ਖੇਤਰੀ ਰਾਜਧਾਨੀ ਨਾਨਿੰਗ ’ਚ ਕਰਵਾਈ ਗਈ ਸੀ। -ਪੀਟੀਆਈ