ਪੇਈਚਿੰਗ, 21 ਅਪਰੈਲ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਹਿੰਦ-ਪ੍ਰਸ਼ਾਂਤ ਰਣਨੀਤੀ ਨੂੰ ਲੈ ਕੇ ਅਮਰੀਕਾ ਉੱਤੇ ਅਸਿੱਧੇ ਤੌਰ ’ਤੇ ਹਮਲਾ ਕਰਦਿਆਂ ਅੱਜ ਏਸ਼ਿਆਈ ਮੁਲਕਾਂ ਨੂੰ ਖਿੱਤੇ ਦਾ ਭਵਿੱਖ ਆਪਣੇ ਹੱਥਾਂ ਵਿੱਚ ਰੱਖਣ ਦਾ ਹੋਕਾ ਦਿੱਤਾ ਅਤੇ ਯੂਕਰੇਨ ’ਤੇ ਰੂਸੀ ਹਮਲੇ ਵਿਚਾਲੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ ਵਾਲੀ ਗਲੋਬਲ ਸੁਰੱਖਿਆ ਪਹਿਲ ਦਾ ਪ੍ਰਸਤਾਵ ਰੱਖਿਆ। ਰਾਸ਼ਟਰਪਤੀ ਸ਼ੀ ਨੇ ਏਸ਼ੀਆ ਸਾਲਾਨਾ ਕਾਨਫ਼ਰੰਸ 2022 ਦੇ ਬੋਆਓ ਫੋਰਮ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਵਿਸ਼ਵ ਸੁਰੱਖਿਆ ਲਈ ਛੇ ਸੂਤਰੀ ਪ੍ਰਸਤਾਵ ਦਾ ਜ਼ਿਕਰ ਵੀ ਕੀਤਾ। ਜਿਨਪਿੰਗ ਦਾ ਇਹ ਬਿਆਨ ਯੂਕਰੇਨ ’ਤੇ ਰੂਸੀ ਫ਼ੌਜ ਦੇ ਹਮਲੇ ਨੂੰ ਲੈ ਕੇ ਚੀਨ ਦਾ ਸਟੈਂਡ ਸਪੱਸ਼ਟ ਕਰਦਾ ਹੈ।
ਚੀਨ ਨੇ ਯੂਕਰੇਨ ਖ਼ਿਲਾਫ਼ ਰੂਸ ਦੇ ਫ਼ੌਜੀ ਹਮਲੇ ਦੀ ਆਲੋਚਨਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉੱਤਰ ਐਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਦੇ ਸੰਭਾਵੀ ਵਿਸਥਾਰ ਨਾਲ ਰੂਸ ਦੀ ਸੁਰੱਖਿਆ ਨੂੰ ਖ਼ਤਰਾ ਹੋਣ ’ਤੇ ਮਾਸਕੋ ਦੀਆਂ ਚਿੰਤਾਵਾਂ ਦਾ ਜ਼ਿਕਰ ਕੀਤਾ ਹੈ। ਜਿਨਪਿੰਗ ਨੇ ਆਪਣੇ ਪ੍ਰਸਤਾਵਾਂ ਵਿੱਚ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਕ-ਦੂਜੇ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ, ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦੀ ਨੀਤੀ ਨੂੰ ਕਾਇਮ ਰੱਖਣਾ ਚਾਹੀਦਾ ਹੈ। -ਪੀਟੀਆਈ