ਨਿਊਯਾਰਕ, 15 ਅਪਰੈਲ
ਇਥੇ ਕੁਈਨਜ਼ ਵਿੱਚ ਤਿੰਨ ਸਿੱਖਾਂ ’ਤੇ ਕਥਿਤ ਹਮਲਿਆਂ ਦੇ ਦੋਸ਼ ਵਿੱਚ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ’ਤੇ ਨਫ਼ਰਤੀ ਅਪਰਾਧ ਦੇ ਵੀ ਦੋਸ਼ ਲੱਗੇ ਹਨ। ਭਾਰਤੀ ਕੌਂਸੁੁਲੇਟ ਜਨਰਲ ਨੇ ਪਿਛਲੇ ਦਿਨੀਂ ਹੋਏ ਹਮਲਿਆਂ ਦੀ ਨਿਖੇਧੀ ਕਰਦਿਆਂ ਇਨ੍ਹਾਂ ਨੂੰ ‘ਬੇਚੈਨ’ ਕਰਨ ਵਾਲਾ ਦੱਸਿਆ ਸੀ। ਕੁਈਨਜ਼ ਕਰੌਨੀਕਲ ਦੀ ਰਿਪੋਰਟ ਮੁਤਾਬਕ ਨੌਜਵਾਨ ਦੀ ਪਛਾਣ ਬ੍ਰਾਊਨਵਿਲੇ ਦੇ ਵੇਰਨੋਨ ਡਗਲਸ ਵਜੋਂ ਦੱਸੀ ਗਈ ਹੈ ਅਤੇ ਉਸ ਉੱਤੇ ਲੁੱਟ, ਹਮਲੇ, ਤੰਗ-ਪ੍ਰੇਸ਼ਾਨ ਕਰਨ ਤੇ ਨਫ਼ਰਤੀ ਅਪਰਾਧ ਜਿਹੇ ਕੋਈ ਦੋਸ਼ ਲਾਏ ਗਏ ਹਨ। ਡਗਲਸ ਨੇ 3 ਅਪਰੈਲ ਨੂੰ ਲੈਫਰਟਜ਼ ਬਾਓਲੇਵਰਡ ਤੇ 95 ਐਵੇਨਿਊ ਨੇੜੇ ਬਿਨਾਂ ਕਿਸੇ ਭੜਕਾਹਟ ਤੋਂ 70 ਸਾਲਾ ਨਿਰਮਲ ਸਿੰਘ ’ਤੇ ਹਮਲਾ ਕਰਦਿਆਂ ਉਸ ਦੇ ਮੂੰਹ ’ਤੇ ਘਸੁੰਨ ਮਾਰਿਆ ਸੀ। ਹਮਲਾਵਰ ਮਗਰੋਂ ਪੈਦਲ ਹੀ ਉਥੋਂ ਭੱਜ ਗਿਆ। ਨਿਊਯਾਰਕ ਪੁਲੀਸ ਵਿਭਾਗ ਦੇ ਨਫ਼ਰਤੀ ਅਪਰਾਧ ਟਾਸਕ ਫੋਰਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਸੀ। ਨਿਰਮਲ ਸਿੰਘ ਸੈਰ-ਸਪਾਟੇ ਲਈ ਅਮਰੀਕਾ ਆਇਆ ਸੀ ਤੇ ਉਹ ਇਥੇ ਕਲਚਰਲ ਸੈਂਟਰ ਵਿੱਚ ਰਹਿ ਰਿਹਾ ਸੀ। ਹਮਲੇ ਵਿੱਚ ਉਸ ਦੀ ਨੱਕ ਦੀ ਹੱਡੀ ਟੁੱਟ ਗਈ ਤੇ ਮੂੰਹ ’ਤੇ ਨੀਲ ਪੈ ਗਏ। ਰਿਪੋਰਟ ਮੁਤਾਬਕ ਗ੍ਰਿਫਤਾਰ ਕੀਤਾ ਮੁਲਜ਼ਮ ਪਿਛਲੇ ਹਫ਼ਤੇ ਇਸੇ ਇਲਾਕੇ ਵਿੱਚ ਦੋ ਹੋਰਨਾਂ ਸਿੱਖਾਂ ’ਤੇ ਕੀਤੇ ਹਮਲੇ ਵਿੱਚ ਵੀ ਸ਼ਾਮਲ ਸੀ। ਡਗਲਸ ਤੇ ਇਕ ਹੋਰ ਮਸ਼ਕੂਕ ਹੇਜ਼ੇਕਿਆ ਕੋਲੇਮਨ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀ। -ਪੀਟੀਆਈ