ਪੈਰਿਸ, 3 ਅਗਸਤ
ਭਾਰਤ ਦੀ ਤਜਰਬੇਕਾਰ ਖਿਡਾਰਨ ਦੀਪਿਕਾ ਕੁਮਾਰੀ ਨੂੰ ਅੱਜ ਇੱਥੇ ਦੋ ਵਾਰ ਲੀਡ ਲੈਣ ਦੇ ਬਾਵਜੂਦ ਪੈਰਿਸ ਖੇਡਾਂ ਦੇ ਤੀਰਅੰਦਾਜ਼ੀ ਦੇ ਮਹਿਲਾ ਸਿੰਗਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਸੁਹਿਯੇਓਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਭਜਨ ਕੌਰ ਵੀ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਗਈ, ਜਿਸ ਨਾਲ ਓਲੰਪਿਕ ਵਿੱਚ ਤੀਰਅੰਦਾਜ਼ੀ ਤਗ਼ਮੇ ਦੀ ਭਾਰਤ ਦੀ 36 ਸਾਲ ਦੀ ਉਡੀਕ ਹੋਰ ਲੰਬੀ ਹੋ ਗਈ ਹੈ। ਭਾਰਤ ਦੀ 23ਵਾਂ ਦਰਜਾ ਪ੍ਰਾਪਤ ਦੀਪਿਕਾ ਨੇ ਆਖ਼ਰੀ ਅੱਠਾਂ ਦੇ ਮੁਕਾਬਲੇ ਵਿੱਚ ਮੌਜੂਦਾ ਖੇਡਾਂ ਦੀ ਮਹਿਲਾ ਟੀਮ ਮੁਕਾਬਲੇ ਦੀ ਸੋਨ ਤਗ਼ਮਾ ਜੇਤੂ ਅਤੇ ਦੂਜਾ ਦਰਜਾ ਪ੍ਰਾਪਤ ਸੁਹਿਯੇਓਨ ਖ਼ਿਲਾਫ਼ 4-2 ਦੀ ਲੀਡ ਬਣਾਈ ਸੀ ਪਰ ਅਖ਼ੀਰ ਵਿੱਚ ਉਹ 4-6 (28-26, 25-28, 29-28, 27-29, 27-29) ਨਾਲ ਹਾਰ ਗਈ, ਜਿਸ ਨਾਲ ਤੀਰਅੰਦਾਜ਼ੀ ਵਿੱਚ ਇੱਕ ਵਾਰ ਮੁੜ ਭਾਰਤ ਦੀ ਮੁਹਿੰਮ ਤਗ਼ਮੇ ਤੋਂ ਬਿਨਾਂ ਹੀ ਸਮਾਪਤ ਹੋ ਗਈ। ਸੁਹਿਯੇਓਨ ਨੇ ਦੀਪਿਕਾ ਨੂੰ ਹਰਾਉਣ ਲਈ ਆਖ਼ਰੀ ਦੋ ਸੈੱਟ ਜਿੱਤਣੇ ਸੀ ਅਤੇ ਕੋਰੀਆ ਦੀ ਤੀਰਅੰਦਾਜ਼ ਨੇ ਬੇਹੱਦ ਦਬਾਅ ਦਰਮਿਆਨ ਚਾਰ ਵਾਰ 10 ਅਤੇ ਦੋ ਵਾਰ ਨੌਂ ਅੰਕ ਨਾਲ ਦੋਵੇਂ ਸੈੱਟ ਅਤੇ ਮੁਕਾਬਲਾ ਆਪਣੇ ਨਾਂ ਕੀਤਾ।
ਇਸ ਤੋਂ ਪਹਿਲਾ ਦੀਪਿਕਾ ਕੁਮਾਰੀ ਨੇ ਪ੍ਰੀ-ਕੁਆਰਟਰਫਾਈਨਲ ਵਿੱਚ ਜਰਮਨੀ ਦੀ ਸੱਤਵਾਂ ਦਰਜਾ ਪ੍ਰਾਪਤ ਮਿਸ਼ੈਲ ਕ੍ਰੋਪੇਨ ਨੂੰ ਹਰਾ ਕੇ ਆਖ਼ਰੀ ਅੱਠ ਵਿੱਚ ਜਗ੍ਹਾ ਬਣਾਈ ਸੀ। ਉਸ ਨੇ ਕ੍ਰੋਪੇਨ ਨੂੰ 6-4 (27-24, 27-27, 26-25, 27-27) ਨਾਲ ਮਾਤ ਦਿੱਤੀ। ਹਾਲਾਂਕਿ ਭਜਨ ਕੌਰ ਨੂੰ ਇੰਡੋਨੇਸ਼ੀਆ ਦੀ ਦਿਆਨਾਨੰਦਾ ਚੋਈਰੁਨਿਸਾ ਖ਼ਿਲਾਫ਼ ਸ਼ੂਟ ਆਫ ਵਿੱਚ 8-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜ ਸੈੱਟ ਮਗਰੋਂ ਮੁਕਾਬਲਾ 5-5 ਨਾਲ ਬਰਾਬਰ ਸੀ।
ਇੰਡੋਨੇਸ਼ੀਆ ਦੀ ਖਿਡਾਰਨ ਨੇ ਸ਼ੂਟ ਆਫ ਵਿੱਚ ਨੌਂ ਅੰਕ ਜੋੜੇ, ਜਦਕਿ ਭਜਨ ਕੌਰ ਅੱਠ ਅੰਕ ’ਤੇ ਹੀ ਨਿਸ਼ਾਨਾ ਸੇਧ ਸਕੀ ਅਤੇ ਚੋਈਰੁਨਿਸਾ ਨੇ ਮੁਕਾਬਲਾ 6-5 ਨਾਲ ਜਿੱਤ ਲਿਆ। ਹੋਰ ਟੀਮ ਮੁਕਾਬਲਿਆਂ ਵਿੱਚ ਨਿਰਾਸ਼ਾਜਨਕ ਨਤੀਜਿਆਂ ਮਗਰੋਂ ਸ਼ੁੱਕਰਵਾਰ ਅੰਕਿਤਾ ਭਗਤ ਅਤੇ ਧੀਰਜ ਬੋਮਾਦੇਵਰਾ ਦੀ ਮਿਕਸਡ ਟੀਮ ਕਾਂਸੇ ਦਾ ਤਗ਼ਮਾ ਜਿੱਤਣ ਦੀ ਦਹਿਲੀਜ਼ ’ਤੇ ਸੀ ਪਰ ਟੀਮ ਚੌਥੇ ਸਥਾਨ ’ਤੇ ਰਹੀ। -ਪੀਟੀਆਈ