ਪੈਰਿਸ, 9 ਅਗਸਤ
ਭਾਰਤੀ ਪੁਰਸ਼ ਅਤੇ ਮਹਿਲਾ 4×400 ਮੀਟਰ ਰਿਲੇਅ ਟੀਮਾਂ ਅੱਜ ਇੱਥੇ ਪੈਰਿਸ ਓਲੰਪਿਕ ਵਿੱਚ ਉਮੀਦਾਂ ’ਤੇ ਖਰੀਆਂ ਨਹੀਂ ਉਤਰ ਸਕੀਆਂ। ਪੁਰਸ਼ ਟੀਮ ਸ਼ੁਰੂਆਤੀ ਹੀਟ ਰੇਸ ਵਿੱਚ ਕੁੱਲ 10ਵੇਂ ਸਥਾਨ ’ਤੇ ਰਹਿਣ ਕਾਰਨ ਆਖ਼ਰੀ ਰਾਊਂਡ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਮੁਹੰਮਦ ਅਨਸ ਯਾਹੀਆ, ਮੁਹੰਮਦ ਅਜਮਲ, ਅਮੋਜ ਜੈਕਬ ਅਤੇ ਰਾਜੇਸ਼ ਰਮੇਸ਼ ਦੀ ਭਾਰਤੀ ਚੌਕੜੀ ਨੇ ਹਾਲਾਂਕਿ ਸੈਸ਼ਨ ਦਾ ਸਰਵੋਤਮ ਤਿੰਨ ਮਿੰਟ ਅਤੇ 0.58 ਸੈਕਿੰਡ ਦਾ ਸਮਾਂ ਕੱਢਿਆ ਪਰ ਦੂਜੀ ਹੀਟ ਵਿੱਚ ਸੱਤਵੇਂ ਸਥਾਨ ’ਤੇ ਰਹੀ, ਜਿਸ ਨਾਲ ਉਸ ਨੇ 16 ਟੀਮਾਂ ਵਿੱਚੋਂ ਕੁੱਲ ਮਿਲਾ ਕੇ 10ਵਾਂ ਸਥਾਨ ਹਾਸਲ ਕੀਤਾ।
ਮਹਿਲਾਵਾਂ ਦੀ 4×400 ਮੀਟਰ ਰਿਲੇਅ ਟੀਮ ਵੀ ਪਹਿਲੇ ਰਾਊਂਡ ਦੀ ਹੀਟ ਵਿੱਚ ਹਿੱਸਾ ਲੈਣ ਵਾਲੇ 16 ਦੇਸ਼ਾਂ ਵਿੱਚ 15ਵੇਂ ਸਥਾਨ ’ਤੇ ਰਹਿਣ ਮਗਰੋਂ ਕੁਆਲੀਫਾਈ ਕਰਨ ’ਚ ਨਾਕਾਮ ਰਹੀ। ਵਿਦਿਆ ਰਾਮਰਾਜ, ਜਯੋਤਿਕਾ ਸ੍ਰੀ ਡਾਂਡੀ, ਐੱਮਆਰ ਪੂੁਵੰਮਾ ਅਤੇ ਸੁਭਾ ਵੇਂਕਟੇਸ਼ਨ ਦੀ ਚੌਕੜੀ ਨੇ 3:32.51 ਦਾ ਸਮਾਂ ਕੱਢਿਆ ਤੇ ਹੀਟ ਨੰਬਰ ਦੋ ਵਿੱਚ ਅੱਠਵੇਂ ਤੇ ਆਖ਼ਰੀ ਸਥਾਨ ਨਾਲ ਕੁੱਲ 15ਵੇਂ ਸਥਾਨ ’ਤੇ ਰਹੀ। -ਪੀਟੀਆਈ