ਪੈਰਿਸ, 31 ਜੁਲਾਈ
ਪੈਰਿਸ ਓਲੰਪਿਕ ਵਿੱਚ ਅੱਜ ਇੱਥੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਅਤੇ ਆਪਣਾ ਪਹਿਲਾ ਓਲੰਪਿਕ ਖੇਡ ਰਹੇ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਪੁਰਸ਼ ਸਿੰਗਲਜ਼ ਵਿੱਚ ਆਪੋ-ਆਪਣੇ ਮੈਚ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਲਕਸ਼ੈ ਨੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ 21-18, 21-12 ਨਾਲ ਹਰਾਇਆ। ਇਸੇ ਤਰ੍ਹਾਂ ਸਿੰਧੂ ਨੇ ਐਸਤੋਨੀਆ ਦੀ ਕ੍ਰਿਸਟਿਨ ਕੂਬਾ ਨੂੰ ਸਿੱਧੇ ਸੈੱਟਾਂ ਵਿੱਚ 21-5, 21-10 ਨੂੰ ਹਰਾ ਕੇ ਨਾਕਆਊਟ ਗੇੜ ਵਿੱਚ ਜਗ੍ਹਾ ਬਣਾਈ। ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਅਤੇ ਟੋਕੀਓ ’ਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਸਿੰਧੂ ਨੇ ਇਹ ਮੈਚ 33 ਮਿੰਟ ’ਚ ਜਿੱਤ ਲਿਆ।
ਸਿੰਧੂ ਨੇ ਜਿੱਤ ਤੋਂ ਬਾਅਦ ਕਿਹਾ, ‘‘ਮੈਂ ਬਹੁਤ ਖੁਸ਼ ਹਾਂ। ਗਰੁੱਪ ਵਿਚ ਸਿਖਰ ’ਤੇ ਰਹਿਣਾ ਬਹੁਤ ਜ਼ਰੂਰੀ ਸੀ। ਹੁਣ ਮੁਕਾਬਲਾ ਹੀ ਬਿੰਗਜਿਆਓ ਨਾਲ ਹੈ। ਇਸ ਜਿੱਤ ਨਾਲ ਮੇਰਾ ਆਤਮਵਿਸ਼ਵਾਸ ਵਧੇਗਾ। ਅਗਲੇ ਮੈਚ ਸੌਖੇ ਨਹੀਂ ਹੋਣਗੇ, ਇਸ ਲਈ ਮੈਨੂੰ 100 ਫੀਸਦ ਤਿਆਰ ਰਹਿਣਾ ਪਵੇਗਾ।’’ ਪਹਿਲੇ ਮੈਚ ਦੀ ਤਰ੍ਹਾਂ ਇਸ ਮੈਚ ’ਚ ਵੀ ਸਿੰਧੂ ਨੂੰ ਬਹੁਤਾ ਪਸੀਨਾ ਨਹੀਂ ਵਹਾਉਣਾ ਪਿਆ। ਵਿਸ਼ਵ ਰੈਂਕਿੰਗ ’ਚ 73ਵੇਂ ਸਥਾਨ ’ਤੇ ਕਾਬਜ਼ ਐਸਤੋਨੀਆ ਦੀ ਖਿਡਾਰਨ ਸਿੰਧੂ ਦਾ ਸਾਹਮਣਾ ਨਹੀਂ ਕਰ ਸਕੀ। ਸਿੰਧੂ ਨੇ ਪਹਿਲੀ ਗੇਮ 14 ਮਿੰਟ ਵਿੱਚ ਜਿੱਤ ਲਈ। ਦੂਜੀ ਗੇਮ ਵਿੱਚ ਕੂਬਾ ਨੇ ਚੁਣੌਤੀ ਪੇਸ਼ ਕੀਤੀ ਪਰ ਸਿੰਧੂ ਨੇ ਹਰ ਹਮਲੇ ਦਾ ਢੁੱਕਵਾਂ ਜਵਾਬ ਦਿੱਤਾ। ਕੂਬਾ ਨੇ 2-0 ਦੀ ਲੀਡ ਲੈ ਲਈ ਸੀ ਪਰ ਸਿੰਧੂ ਨੇ ਜਲਦੀ ਹੀ ਬਰਾਬਰੀ ਕਰ ਲਈ। ਇਸ ਤੋਂ ਬਾਅਦ ਸਿੰਧੂ ਨੇ ਆਪਣੇ ਤਜਰਬੇ ਨਾਲ 15-9 ਦੀ ਲੀਡ ਲੈ ਲਈ ਅਤੇ ਕੂਬਾ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ।
ਦੂਜੇ ਪਾਸੇ ਵਿਸ਼ਵ ਚੈਂਪੀਅਨਸ਼ਿਪ 2021 ਵਿੱਚ ਕਾਂਸੇ ਦਾ ਤਗ਼ਮਾ ਜੇਤੂ 23 ਸਾਲਾ ਲਕਸ਼ੈ ਨੇ ਮੌਜੂਦਾ ਆਲ ਇੰਗਲੈਂਡ ਅਤੇ ਏਸ਼ਿਆਈ ਖੇਡਾਂ ਦੇ ਚੈਂਪੀਅਨ ਨੂੰ ਹਰਾਉਣ ਮਗਰੋਂ ਕਿਹਾ, ‘‘ਇਹ ਕਾਫੀ ਮੁਸ਼ਕਲ ਮੈਚ ਸੀ। ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਖਾਸ ਤੌਰ ’ਤੇ ਪਹਿਲੇ ਸੈੱਟ ’ਚ ਮੈਂ ਚੰਗੀ ਲੈਅ ਹਾਸਲ ਕੀਤੀ। ਇਸ ਤੋਂ ਬਾਅਦ ਮੈਂ ਲੈਅ ਬਰਕਰਾਰ ਰੱਖੀ।’’ ਲਕਸ਼ੈ ਦੇ ਗਰੁੱਪ ’ਚੋਂ ਕੇਵਿਨ ਕੋਰਡਨ ਦੇ ਕੂਹਣੀ ਦੀ ਸੱਟ ਕਾਰਨ ਹਟਣ ਮਗਰੋਂ ਉਸ ਦੇ ਸਾਰੇ ਨਤੀਜੇ ‘ਰੱਦ’ ਕਰ ਦਿੱਤੇ ਗਏ ਸਨ। ਲਕਸ਼ੈ ਨੇ ਐਤਵਾਰ ਨੂੰ ਕੇਵਿਨ ਕੋਰਡਨ ਨੂੰ ਹਰਾਇਆ ਸੀ। ਹੁਣ ਗਰੁੱਪ-ਐਲ ਵਿੱਚ ਸਿਰਫ਼ ਤਿੰਨ ਖਿਡਾਰੀ ਹੀ ਚੁਣੌਤੀ ਦੇਣ ਲਈ ਬਚੇ ਹਨ ਜਦਕਿ ਪਹਿਲਾਂ ਚਾਰ ਖਿਡਾਰੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਸਨ। ਇਸ ਲਈ ਇਹ ਮੈਚ ਵੀ ਨਾਕਆਊਟ ਵਰਗਾ ਹੀ ਰਿਹਾ। -ਪੀਟੀਆਈ