ਪੈਰਿਸ, 6 ਅਗਸਤ
ਟੋਕੀਓ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਮੀਰਾਬਾਈ ਚਾਨੂ ਪਿਛਲੇ ਕੁੱਝ ਸਮੇਂ ਵਿੱਚ ਸੱਟਾਂ ਨਾਲ ਜੂਝਣ ਦੇ ਬਾਵਜੂਦ ਬੁੱਧਵਾਰ ਨੂੰ ਇੱਥੇ ਪੈਰਿਸ ਓਲੰਪਿਕ ਖੇਡਾਂ ’ਚ ਪੋਡੀਅਮ ’ਤੇ ਪਹੁੰਚ ਕੇ ਦੋ ਓਲੰਪਿਕ ਤਗ਼ਮੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਵੇਟਲਿਫਟਰ ਬਣਨ ਦੀ ਕੋਸ਼ਿਸ਼ ਕਰੇਗੀ। ਮੀਰਾਬਾਈ ਨੇ ਪਿਛਲੀਆਂ ਓਲੰਪਿਕ ਖੇਡਾਂ ਦੇ ਪਹਿਲੇ ਹੀ ਦਿਨ ਤਗ਼ਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ ਸੀ ਪਰ ਇਸ ਤੋਂ ਬਾਅਦ ਉਹ ਸੱਟਾਂ ਤੋਂ ਪ੍ਰੇਸ਼ਾਨ ਰਹੀ ਜਿਸ ਕਾਰਨ ਉਹ ਪੈਰਿਸ ਓਲੰਪਿਕ ਲਈ ਚੰਗੀ ਤਰ੍ਹਾਂ ਤਿਆਰੀ ਨਹੀਂ ਕਰ ਸਕੀ। ਟੋਕੀਓ ਓਲੰਪਿਕ ਤੋਂ ਬਾਅਦ ਉਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਾਸ਼ਟਰਮੰਡਲ ਖੇਡਾਂ 2022 ਵਿੱਚ ਆਇਆ ਜਿੱਥੇ ਉਸ ਨੇ 201 ਕਿਲੋ (88 ਕਿਲੋ ਅਤੇ 113 ਕਿਲੋ) ਭਾਰ ਚੁੱਕਿਆ। ਉਸ ਨੇ ਟੋਕੀਓ ਵਿੱਚ 202 ਕਿਲੋ (87 ਕਿਲੋ ਅਤੇ 115 ਕਿਲੋ) ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਮੀਰਾਬਾਈ ਆਪਣੇ ਮਨਪਸੰਦ 49 ਕਿਲੋਗ੍ਰਾਮ ਭਾਰ ਵਰਗ ਵਿੱਚ ਚੁਣੌਤੀ ਦੇਵੇਗੀ ਅਤੇ ਜੇ ਉਹ ਆਪਣਾ ਸਰਬੋਤਮ ਪ੍ਰਦਰਸ਼ਨ ਦੁਹਰਾਉਣ ਵਿੱਚ ਸਫਲ ਰਹਿੰਦੀ ਹੈ ਤਾਂ ਉਹ ਚਾਂਦੀ ਜਾਂ ਕਾਂਸੇ ਦਾ ਤਗ਼ਮਾ ਜਿੱਤ ਸਕਦੀ ਹੈ। ਇਸ ਭਾਰ ਵਰਗ ਵਿੱਚ ਚੀਨ ਦੀ ਮੌਜੂਦਾ ਓਲੰਪਿਕ ਚੈਂਪੀਅਨ ਹੋਊ ਜ਼ੀਹੂਈ ਸੋਨ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਹੈ। ਮੀਰਾਬਾਈ ਨੇ ਸੱਟ ਤੋਂ ਉਭਰਨ ਤੋਂ ਬਾਅਦ ਵਾਪਸੀ ਕੀਤੀ ਹੈ ਪਰ ਉਸ ਦੀ ਫਿਟਨੈੱਸ ਨੂੰ ਲੈ ਕੇ ਹਾਲੇ ਵੀ ਅਟਕਲਾਂ ਲਾਈਆਂ ਜਾ ਰਹੀਆਂ ਹਨ। ਹਾਲਾਂਕਿ ਕੋਚ ਵਿਜੈ ਸ਼ਰਮਾ ਨੇ ਦਾਅਵਾ ਕੀਤਾ ਕਿ ਮਨੀਪੁਰ ਦੀ ਖਿਡਾਰਨ ਪੂਰੀ ਤਰ੍ਹਾਂ ਫਿੱਟ ਹੈ। -ਪੀਟੀਆਈ