ਪੈਰਿਸ, 29 ਜੁਲਾਈ
ਤਜਰਬੇਕਾਰ ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਓਲੰਪਿਕ ਦੇ ਪੁਰਸ਼ ਡਬਲਜ਼ ਦੇ ਪਹਿਲੇ ਗੇੜ ’ਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਿਹਾ ਕਿ ਉਸ ਨੇ ਭਾਰਤ ਲਈ ਆਪਣਾ ਆਖ਼ਰੀ ਮੈਚ ਖੇਡ ਲਿਆ ਹੈ। ਬੋਪੰਨਾ ਆਪਣੇ ਕਰੀਅਰ ਦਾ ਅੰਤ ਬਿਹਤਰ ਢੰਗ ਨਾਲ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਆਪਣੇ 22 ਸਾਲਾਂ ਦੇ ਲੰਬੇ ਕਰੀਅਰ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ। ਬੋਪੰਨਾ ਅਤੇ ਐੱਨ ਸ੍ਰੀਰਾਮ ਬਾਲਾਜੀ ਦੀ ਪੁਰਸ਼ ਡਬਲਜ਼ ਜੋੜੀ ਬੀਤੀ ਰਾਤ ਇੱਥੇ ਖੇਡੇ ਗਏ ਮੈਚ ਵਿੱਚ ਐਡਵਰਡ ਰੋਜਰ ਵੈਸੇਲਿਨ ਅਤੇ ਗੇਲ ਮੋਨਫਿਲਸ ਦੀ ਜੋੜੀ ਤੋਂ 5-7, 2-6 ਨਾਲ ਹਾਰ ਗਈ। ਇਸ ਜੋੜੀ ਦੀ ਹਾਰ ਨਾਲ ਟੈਨਿਸ ਵਿੱਚ ਭਾਰਤ ਦਾ ਓਲੰਪਿਕ ਤਗ਼ਮੇ ਦਾ 1996 ਤੋਂ ਜਾਰੀ ਸੋਕਾ ਹਾਲੇ ਵੀ ਚੱਲਦਾ ਰਹੇਗਾ। ਉਸ ਨੇ ਕਿਹਾ, “ਇਹ ਯਕੀਨੀ ਤੌਰ ’ਤੇ ਦੇਸ਼ ਲਈ ਮੇਰਾ ਆਖਰੀ ਟੂਰਨਾਮੈਂਟ ਸੀ। ਮੈਂ ਜਿੱਥੇ ਹਾਂ, ਉਹ ਮੇਰੇ ਲਈ ਪਹਿਲਾਂ ਹੀ ਵੱਡਾ ਬੋਨਸ ਹੈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਦੋ ਦਹਾਕਿਆਂ ਤੱਕ ਭਾਰਤ ਦੀ ਨੁਮਾਇੰਦਗੀ ਕਰਾਂਗਾ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ 2002 ਵਿੱਚ ਕੀਤੀ ਸੀ ਅਤੇ 22 ਸਾਲ ਬਾਅਦ ਵੀ ਮੈਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲ ਰਿਹਾ ਹੈ। ਮੈਨੂੰ ਇਸ ’ਤੇ ਮਾਣ ਹੈ।’’ ਉਸ ਨੇ ਕਿਹਾ, ‘‘ਬੇਸ਼ੱਕ ਪਹਿਲਾ ਪੁਰਸ਼ ਡਬਲਜ਼ ਗਰੈਂਡ ਸਲੈਮ ਜਿੱਤਣਾ ਅਤੇ ਵਿਸ਼ਵ ਦਾ ਨੰਬਰ ਇਕ ਡਬਲਜ਼ ਖਿਡਾਰੀ ਬਣਨਾ ਵੱਡੀ ਪ੍ਰਾਪਤੀ ਰਹੀ। ਮੈਂ ਆਪਣੀ ਪਤਨੀ (ਸੁਪ੍ਰੀਆ) ਦਾ ਸ਼ੁਕਰਗੁਜ਼ਾਰ ਹਾਂ, ਜਿਸ ਨੇ ਇਸ ਸਫ਼ਰ ਵਿੱਚ ਬਹੁਤ ਸਾਥ ਦਿੱਤਾ।’’ -ਪੀਟੀਆਈ