ਨਵੀਂ ਦਿੱਲੀ:
ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣੀ ਵਿਦਿਆਰਥਣ ਅਤੇ ਪਹਿਲਵਾਨ ਵਿਨੇਸ਼ ਫੋਗਾਟ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਿਸ ਨੇ ਮਹਿਲਾ ਕੁਸ਼ਤੀ ਵਿੱਚ ਓਲੰਪਿਕ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਭਾਰਤ ਬਣ ਕੇ ਇਤਿਹਾਸ ਰਚ ਦਿੱਤਾ ਸੀ। ਯੂਨੀਵਰਸਿਟੀ ਨੇ ਇਹ ਐਲਾਨ ਉਦੋਂ ਕੀਤਾ, ਜਦੋਂ ਵਿਨੇਸ਼ ਨੂੰ ਪੈਰਿਸ ਓਲੰਪਿਕ ਦੇ 50 ਕਿਲੋ ਭਾਰ ਵਰਗ ਦੇ ਫਾਈਨਲ ਤੋਂ ਪਹਿਲਾਂ 100 ਗ੍ਰਾਮ ਵੱਧ ਵਜ਼ਨ ਪਾਏ ਜਾਣ ਮਗਰੋਂ ਅੱਜ ਅਯੋਗ ਕਰਾਰ ਦੇ ਦਿੱਤਾ ਗਿਆ। ਇਸ ਨਾਲ ਉਹ ਤਗ਼ਮੇ ਤੋਂ ਵਾਂਝੀ ਰਹਿ ਗਈ। ਯੂਨੀਵਰਸਿਟੀ ਤੇ ਸੰਸਥਾਪਕ ਚਾਂਸਲਰ ਅਤੇ ਰਾਜ ਸਭਾ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਕਿਹਾ, ‘‘ਸਾਡੇ ਲਈ ਵਿਨੇਸ਼ ਹੁਣ ਵੀ ਤਗ਼ਮਾ ਜੇਤੂ ਹੈ। ਉਸ ਦਾ ਸਮਰਪਣ ਅਤੇ ਹੁਨਰ ਸਨਮਾਨ ਦਾ ਹੱਕਦਾਰ ਹੈ ਅਤੇ ਅਸੀਂ ਚਾਂਦੀ ਤਗ਼ਮਾ ਜੇਤੂ ਲਈ ਐਲਾਨਿਆ 25 ਲੱਖ ਰੁਪਏ ਦਾ ਨਕਦ ਇਨਾਮ ਉਸ ਨੂੰ ਦਿੰਦਿਆਂ ਫਖ਼ਰ ਮਹਿਸੂਸ ਕਰ ਰਹੇ ਹਾਂ।’’ ਵਿਨੇਸ਼ ਜਲੰਧਰ ਸਥਿਤ ਇਸ ਯੂਨੀਵਰਸਿਟੀ ਵਿੱਚ ਐੱਮਏ ਮਨੋਵਿਗਿਆਨ ਦੀ ਵਿਦਿਆਰਥਣ ਹੈ। -ਪੀਟੀਆਈ