ਨਵੀਂ ਦਿੱਲੀ, 13 ਅਗਸਤ
ਪੈਰਿਸ ਵਿੱਚ ਦੋ ਤਗ਼ਮੇ ਫੁੰਡਣ ਵਾਲੀ ਭਾਰਤ ਦੀ ਤਜਰਬੇਕਾਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਦੀਆਂ ਨਜ਼ਰਾਂ ਹੁਣ ਓਲੰਪਿਕ ਵਿੱਚ ਕਈ ਤਗ਼ਮੇ ਜਿੱਤਣ ’ਤੇ ਲੱਗੀਆਂ ਹੋਈਆਂ ਹਨ। ਮਨੂ ਭਾਕਰ (22) ਆਜ਼ਾਦੀ ਮਗਰੋਂ ਇੱਕ ਹੀ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ।
ਉਸ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਅਤੇ ਸਰਬਜੋਤ ਸਿੰਘ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਹਨ। ਉਹ 25 ਮੀਟਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਮਾਮੂਲੀ ਫਰਕ ਨਾਲ ਖੁੰਝ ਗਈ। ਮਨੂ ਭਾਕਰ ਨੇ ਕਿਹਾ, ‘‘ਅਸੀਂ ਸਾਰੇ ਤਗ਼ਮੇ ਜਿੱਤਣ ਲਈ ਕਾਫ਼ੀ ਮਿਹਨਤ ਕਰਦੇ ਹਾਂ। ਪਰ ਜੇ ਭਵਿੱਖ ਵਿੱਚ ਦੋ ਤੋਂ ਵੱਧ ਤਗ਼ਮੇ ਇੱਕ ਹੀ ਓਲੰਪਿਕ ਵਿੱਚ ਜਿੱਤ ਗਈ ਤਾਂ ਇਹ ਸ਼ਾਨਦਾਰ ਹੋਵੇਗਾ। ਸਖ਼ਤ ਮਿਹਨਤ ਕਰ ਕੇ ਭਵਿੱਖ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਟੀਚਾ ਹੈ।’’ ਮਨੂ ਓਲੰਪਿਕ ਸਮਾਪਤੀ ਸਮਾਰੋਹ ਵਿੱਚ ਮਾਹਿਰ ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼ ਨਾਲ ਭਾਰਤ ਦੀ ਝੰਡਾਬਰਦਾਰ ਸੀ। -ਪੀਟੀਆਈ
ਦਿੱਲੀ ਵਿਸ਼ਵ ਕੱਪ ਤੋਂ ਬਾਹਰ ਰਹਿ ਸਕਦੀ ਹੈ ਮਨੂ ਭਾਕਰ
ਨਵੀਂ ਦਿੱਲੀ: ਪੈਰਿਸ ਓਲੰਪਿਕ ਵਿੱਚ ਕਾਂਸੀ ਦੇ ਦੋ ਤਗ਼ਮੇ ਜੇਤੂ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਅਕਤੂਬਰ ਵਿੱਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਹਰ ਰਹਿ ਸਕਦੀ ਹੈ ਕਿਉਂਕਿ ਉਸ ਨੇ ਤਿੰਨ ਮਹੀਨੇ ਬਰੇਕ ਲੈਣ ਦਾ ਫ਼ੈਸਲਾ ਕੀਤਾ ਹੈ। ਉਸ ਦੇ ਕੋਚ ਜਸਪਾਲ ਰਾਣਾ ਨੇ ਇਹ ਜਾਣਕਾਰੀ ਦਿੱਤੀ। ਜਸਪਾਲ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਉਹ ਅਕਤੂਬਰ ਵਿੱਚ ਹੋਣ ਵਾਲੇ ਵਿਸ਼ਵ ਵਿੱਚ ਖੇਡੇਗੀ ਜਾਂ ਨਹੀਂ ਕਿਉਂਕਿ ਉਹ ਤਿੰਨ ਮਹੀਨੇ ਦਾ ਬਰੇਕ ਲੈ ਰਹੀ ਹੈ।’’ ਉਨ੍ਹਾਂ ਕਿਹਾ, ‘‘ਉਹ ਲੰਬੇ ਸਮੇਂ ਤੋਂ ਸਖ਼ਤ ਮਿਹਨਤ ਕਰ ਰਹੀ ਹੈ ਤਾਂ ਇਹ ਆਮ ਬਰੇਕ ਹੈ।’’ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦਿੱਲੀ ਵਿੱਚ 13 ਤੋਂ 18 ਅਕਤੂਬਰ ਤੱਕ ਹੋਵੇਗੀ। ਜਸਪਾਲ ਨੇ ਕਿਹਾ ਕਿ ਬਰੇਕ ਮਗਰੋਂ ਉਹ 2026 ਏਸ਼ਿਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਵਿੱਚ ਜੁਟ ਜਾਵੇਗੀ। -ਪੀਟੀਆਈ