ਚੈਟੋਰੌਕਸ, 1 ਅਗਸਤ
ਭਾਰਤ ਦੇ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਮੁਕਾਬਲੇ ਵਿਚ ਦੇਸ਼ ਦੀ ਝੋਲੀ ਕਾਂਸੀ ਦਾ ਤਗ਼ਮਾ ਪਾਇਆ ਹੈ। ਓਲੰਪਿਕ ਖੇਡਾਂ ਦੇ ਇਤਿਹਾਸ ’ਚ ਭਾਰਤ ਦਾ ਇਸ ਈਵੈਂਟ ’ਚ ਪਹਿਲਾ ਕਾਂਸੇ ਦਾ ਤਗ਼ਮਾ ਹੈ। ਉਂਜ ਇਨ੍ਹਾਂ ਓਲੰਪਿਕ ਖੇਡਾਂ ’ਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਤੀਜਾ ਤਗ਼ਮਾ ਹੈ। ਇਸ ਤੋਂ ਪਹਿਲਾਂ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੇ ਵਿਅਕਤੀਗਤ ਮੁਕਾਬਲੇ ਤੇ ਫਿਰ ਮਿਕਸਡ ਟੀਮ ਮੁਕਾਬਲੇ ’ਚ ਸਰਬਜੋਤ ਸਿੰਘ ਨਾਲ ਮਿਲ ਕੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਸਾਲ 2012 ਵਿਚ ਲੰਡਨ ਓਲੰਪਿਕ ਦੌਰਾਨ ਜੌਏਦੀਪ ਕਰਮਾਕਰ 50 ਮੀਟਰ ਰਾਈਫਲ ਸ਼ੂਟਿੰਗ ਮੁਕਾਬਲੇ ਦੇ ਫਾਈਨਲ ਵਿਚ ਚੌਥੇ ਸਥਾਨ ’ਤੇ ਰਿਹਾ ਸੀ।
ਪਹਿਲੀ ਵਾਰ ਓਲੰਪਿਕ ’ਚ ਹਿੱਸਾ ਲੈ ਰਹੇ ਸਵਪਨਿਲ ਕੁਸਾਲੇ ਨੇ ਅੱਜ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ 451.4 ਸਕੋਰ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਕ ਸਮੇਂ ਉਹ ਛੇਵੇਂ ਸਥਾਨ ’ਤੇ ਸੀ ਪਰ ਵਾਪਸੀ ਕਰਦਿਆਂ ਉਸ ਨੇ ਤੀਜਾ ਸਥਾਨ ਹਾਸਲ ਕੀਤਾ। ਕੁਸਾਲੇ ਨੇ ਤਗ਼ਮਾ ਜਿੱਤਣ ਮਗਰੋਂ ਕਿਹਾ, ‘‘ਮੈਂ ਕੁਝ ਨਹੀਂ ਖਾਧਾ ਸੀ ਅਤੇ ਪੇਟ ਖਰਾਬ ਸੀ। ਮੈਂ ਬਲੈਕ ਟੀ ਪੀਤੀ ਤੇ ਇੱਥੇ ਆ ਗਿਆ। ਹਰ ਮੈਚ ਤੋਂ ਪਹਿਲਾਂ ਰਾਤ ਸਮੇਂ ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।’’ ਉਸ ਨੇ ਕਿਹਾ, ‘‘ਅੱਜ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਸੀ। ਮੈਂ ਸਾਹ ’ਤੇ ਕੰਟਰੋਲ ਰੱਖਿਆ ਅਤੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਪੱਧਰ ’ਤੇ ਸਾਰੇ ਖਿਡਾਰੀ ਇੱਕੋ ਜਿਹੇ ਹੁੰਦੇ ਹਨ।’’ ਕੁਸਾਲੇ ਦਾ ਪਿਤਾ ਤੇ ਭਰਾ ਸਰਕਾਰੀ ਸਕੂਲ ’ਚ ਅਧਿਆਪਕ ਹਨ ਜਦੋਂਕਿ ਮਾਤਾ ਮਹਾਰਾਸ਼ਟਰ ਦੇ ਕੋਹਲਾਪੁਰ ਨੇੜੇ ਕੰਬਲਵਾੜੀ ਪਿੰਡ ਦੀ ਸਰਪੰਚ ਹੈ। ਕੁੁਸਾਲੇ, ਜੋ ਪੁਣੇ ਵਿਚ ਟਿਕਟ ਕੁਲੈਕਟਰ ਹੈ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦਾ ਹੈ। ਕੁਸਾਲੇ ਬੁੱਧਵਾਰ ਨੂੰ ਕੁਆਲੀਫਾਇੰਗ ਗੇੜ ਦੌਰਾਨ ਸੱਤਵੇਂ ਸਥਾਨ ’ਤੇ ਰਿਹਾ ਸੀ। ਸਵਪਨਿਲ ਕੁਸਾਲੇ ਰੇਲਵੇ ’ਚ ਟਿਕਟ ਕੁਲੈਕਟਰ ਹੈ। ਉਸ ਨੇ ਕਿਹਾ, ‘‘ਮੈਂ ਰੇਲਵੇ ’ਚ ਕੰਮ ਕਰਨ ਨਹੀਂ ਜਾਂਦਾ। ਭਾਰਤੀ ਰੇਲਵੇ ਨੇ ਮੈਨੂੰ 365 ਦਿਨਾਂ ਦੀ ਛੁੱਟੀ ਦਿੱਤੀ ਹੋਈ ਹੈ ਤਾਂ ਕਿ ਮੈਂ ਦੇਸ਼ ਚੰਗਾ ਖੇਡ ਸਕਾਂ। ਮੇਰੀ ਨਿੱਜੀ ਕੋਚ ਦੀਪਾਲੀ ਦੇਸ਼ਪਾਂਡੇ ਮੇਰੀ ਮਾਂ ਵਰਗੀ ਹੈ, ਜਿਨ੍ਹਾਂ ਨੇ ਬਿਨਾਂ ਸ਼ਰਤ ਮੇਰੀ ਮਦਦ ਕੀਤੀ। ਮੈਂ ਹਾਲੇ ਤੱਕ ਆਪਣੀ ਮਾਂ ਨਾਲ ਗੱਲਬਾਤ ਨਹੀਂ ਕੀਤੀ।’’
ਮੁਰਮੂ, ਮੋਦੀ, ਮਮਤਾ ਤੇ ਹੋਰਨਾਂ ਵੱਲੋਂ ਸਵਪਨਿਲ ਨੂੰ ਵਧਾਈਆਂ
ਨਵੀਂ ਦਿੱਲੀ:
ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਘੀਆਂ ਖੇਡ ਸ਼ਖਸੀਅਤਾਂ ਨੇ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੂੰ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ ਹੈ। ਮੁਰਮੂ ਨੇ ਟਵੀਟ ਕੀਤਾ, ‘‘ਪੈਰਿਸ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤਣ ਲਈ ਸਵਪਨਿਲ ਕੁਸਾਲੇ ਨੂੰ ਦਿਲੋਂ ਵਧਾਈਆਂ। ਨਿਸ਼ਾਨੇਬਾਜ਼ੀ ਦਲ ਦੇ ਸਾਰੇ ਮੈਂਬਰਾਂ ਨੇ ਭਾਰਤ ਦਾ ਮਾਣ ਵਧਾਇਆ ਹੈ।’’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਸਵਪਨਿਲ ਕੁਸਾਲੇ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ। ਕਾਂਸੀ ਦਾ ਤਗ਼ਮਾ ਜਿੱਤਣ ਲਈ ਉਸ ਨੂੰ ਵਧਾਈਆਂ।’’ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ, ‘‘ਸਵਪਨਿਲ ਦੀ ਪ੍ਰਾਪਤੀ ਤੋਂ ਹਰ ਭਾਰਤੀ ਖੁਸ਼ ਹੈ।’’ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ‘‘ਸਵਪਨਿਲ ਦਾ ਸਫ਼ਰ ਤੇ ਸਫਲਤਾ ਪ੍ਰੇਰਨਾਦਾਇਕ ਹਨ ਤੇ ਪੂਰੇ ਮੁਲਕ ਨੂੰ ਉਸ ਦੀ ਪ੍ਰਾਪਤੀ ’ਤੇ ਮਾਣ ਹੈ।’’ ਓਲੰਪੀਅਨ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਕਿਹਾ, ‘‘ਸਵਪਨਿਲ ਦਾ ਇਹ (ਕਾਂਸੀ ਦਾ) ਤਗ਼ਮਾ ਸੋਨੇ ਤੋਂ ਵੀ ਵੱਧ ਕੀਮਤੀ ਹੈ।’’ ਅਭਿਨਵ ਬਿੰਦਰਾ ਨੇ ਕਿਹਾ, ‘‘ਕੁਸਾਲੇ ਦਾ ਤਗ਼ਮਾ ਦੇ ਉਸ ਦੇ ਸਮਰਪਣ ਤੇ ਹੁਨਰ ਦਾ ਪ੍ਰਮਾਣ ਹੈ।’’ -ਪੀਟੀਆਈ
ਏਕਨਾਥ ਸ਼ਿੰਦੇ ਵੱਲੋਂ ਕੁਸਾਲੇ ਨੂੰ ਇੱਕ ਕਰੋੜ ਰੁਪਏ ਦੇਣ ਦਾ ਐਲਾਨ
ਮੁੰਬਈ:
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੂੰ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸ਼ਿੰਦੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਕੁਸਾਲੇ ਦੇ ਪਿਤਾ ਅਤੇ ਕੋਚ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ, ‘‘ਮਹਾਰਾਸ਼ਟਰ ਸਰਕਾਰ ਕੁਸਾਲੇ ਨੂੰ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕਰ ਰਹੀ ਹੈ। ਓਲੰਪਿਕ ਤੋਂ ਪਰਤਣ ’ਤੇ ਉਸ ਦਾ ਸਨਮਾਨ ਕੀਤਾ ਜਾਵੇਗਾ।’’ -ਪੀਟੀਆਈ