ਪੈਰਿਸ, 5 ਅਗਸਤ
ਸਟਾਰ ਖਿਡਾਰੀ ਮਨਿਕਾ ਬੱਤਰਾ ਦੀ ਅਗਵਾਈ ਵਿੱਚ ਭਾਰਤ ਅੱਜ ਇੱਥੇ ਪੈਰਿਸ ਓਲੰਪਿਕ ਦੇ ਮਹਿਲਾ ਟੇਬਲ ਟੈਨਿਸ ਟੀਮ ਮੁਕਾਬਲੇ ਵਿੱਚ ਆਪਣੇ ਤੋਂ ਉੱਚੀ ਰੈਂਕਿੰਗ ਵਾਲੇ ਰੋਮਾਨੀਆ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਭਾਰਤ 2-0 ਨਾਲ ਅੱਗੇ ਚੱਲ ਰਿਹਾ ਸੀ ਪਰ ਰੋਮਾਨੀਆ ਨੇ ਵਾਪਸੀ ਕਰਦਿਆਂ 2-2 ਦੀ ਬਰਾਬਰੀ ਹਾਸਲ ਕਰ ਲਈ। ਫ਼ੈਸਲਾਕੁਨ ਮੈਚ ਵਿੱਚ ਮਨਿਕਾ ਨੇ ਟੀਮ ਨੂੰ ਜਿੱਤ ਦਿਵਾਈ। ਸ੍ਰੀਜਾ ਅਕੁਲਾ ਅਤੇ ਅਰਚਨਾ ਕਾਮਤ ਨੇ ਡਬਲਜ਼ ਮੈਚ ਵਿੱਚ ਅਡੀਨਾ ਡਾਇਕੋਨੂ ਅਤੇ ਅਲਿਜ਼ਾਬੇਟਾ ਸਮਾਰਾ ’ਤੇ 11-9, 12-10, 11-7 ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਮਨਿਕਾ ਨੇ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀ ਬੇਰਨਾਡੇਟੇ ਜ਼ੋਕਸ ਨੂੰ 11-5, 11-7, 11-7 ਨਾਲ ਹਰਾ ਕੇ ਭਾਰਤ ਨੇ ਆਪਣੇ ਚੌਥਾ ਦਰਜਾ ਪ੍ਰਾਪਤ ਵਿਰੋਧੀਆਂ ਖ਼ਿਲਾਫ਼ 2-0 ਦੀ ਲੀਡ ਹਾਸਲ ਕੀਤੀ। ਮੁਕਾਬਲੇ ਵਿੱਚ ਭਾਰਤ ਨੂੰ 11ਵਾਂ ਦਰਜਾ ਦਿੱਤਾ ਗਿਆ ਹੈ। ਦੂਜੇ ਸਿੰਗਲਜ਼ ਵਿੱਚ ਪਹਿਲੀ ਗੇਮ ਜਿੱਤਣ ਮਗਰੋਂ ਸ੍ਰੀਜਾ ਯੂਰੋਪੀਅਨ ਚੈਂਪੀਅਨ ਸਮਾਰਾ ਤੋਂ 2-3 (11-8, 4-11, 11-7, 6-11, 8-11) ਨਾਲ ਹਾਰ ਗਈ। ਸ੍ਰੀਜਾ ਦੀ ਹਾਰ ਮਗਰੋਂ ਅਰਚਨਾ ਅਤੇ ਜ਼ੋਕਸ ਦਰਮਿਆਨ ਮੁਕਾਬਲਾ ਹੋਇਆ। ਜ਼ੋਕਸ ਨੇ ਪਹਿਲੀ ਗੇਮ 11-5 ਨਾਲ ਜਿੱਤ ਲਈ ਪਰ ਭਾਰਤੀ ਖਿਡਾਰਨ ਨੇ ਦੂਜੀ ਗੇਮ 11-8 ਨਾਲ ਜਿੱਤ ਕੇ ਬਰਾਬਰੀ ਕੀਤੀ। ਜ਼ੋਕਸ ਨੇ ਅਗਲੀਆਂ ਦੋ ਗੇਮ 11-7, 11-9 ਨਾਲ ਜਿੱਤ ਕੇ ਮੈਚ ਆਪਣੇ ਨਾਮ ਕਰ ਲਿਆ ਅਤੇ ਮੁਕਾਬਲਾ 2-2 ਨਾਲ ਬਰਾਬਰ ਕਰ ਦਿੱਤਾ। ਇਸ ਮਗਰੋਂ ਮਨਿਕਾ ਨੇ ਅਡੀਨਾ ਨੂੰ 3-0 (11-5, 11-9, 11-9) ਨਾਲ ਹਰਾ ਕੇ ਭਾਰਤ ਨੂੰ ਆਖ਼ਰੀ ਅੱਠ ਵਿੱਚ ਜਗ੍ਹਾ ਦਿਵਾਈ। ਕੁਆਰਟਰ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਅਮਰੀਕਾ ਜਾਂ ਜਰਮਨੀ ਨਾਲ ਹੋਵੇਗਾ। -ਪੀਟੀਆਈ