ਪੈਰਿਸ, 1 ਅਗਸਤ
ਅੱਧੇ ਸਮੇਂ ਤੱਕ ਇੱਕ ਗੋਲ ਨਾਲ ਲੀਡ ਬਣਾਉਣ ਦੇ ਬਾਵਜੂਦ ਭਾਰਤ ਨੂੰ ਪੈਰਿਸ ਓਲੰਪਿਕ ਦੇ ਪੁਰਸ਼ ਹਾਕੀ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਬੈਲਜੀਅਮ ਨੇ ਅੱਜ ਪੂਲ ਬੀ ਦੇ ਮੈਚ ਵਿੱਚ 2-1 ਨਾਲ ਹਰਾ ਦਿੱਤਾ। ਭਾਰਤ ਅਤੇ ਬੈਲਜੀਅਮ ਪਹਿਲਾਂ ਹੀ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਚੁੱਕੇ ਹਨ। ਇਸ ਟੂਰਨਾਮੈਂਟ ਵਿੱਚ ਭਾਰਤ ਦੀ ਇਹ ਪਹਿਲੀ ਹਾਰ ਸੀ, ਜਿਸ ਨੇ ਨਿਊਜ਼ੀਲੈਂਡ ਨੂੰ 3-2, ਆਇਰਲੈਂਡ ਨੂੰ 2-0 ਨਾਲ ਹਰਾਉਣ ਤੋਂ ਇਲਾਵਾ ਅਰਜਨਟੀਨਾ ਨਾਲ 1-1 ਦਾ ਡਰਾਅ ਖੇਡਿਆ ਸੀ। ਭਾਰਤ ਦਾ ਅਗਲਾ ਮੈਚ ਸ਼ੁੱਕਰਵਾਰ ਨੂੰ ਆਸਟਰੇਲੀਆ ਨਾਲ ਹੋਵੇਗਾ, ਜਿਸ ਨੇ ਬੈਲਜੀਅਮ ਨੂੰ 6-2 ਨਾਲ ਹਰਾਇਆ ਸੀ।
ਭਾਰਤੀ ਟੀਮ ਲਈ ਅਭਿਸ਼ੇਕ ਨੇ 18ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ ਅਤੇ ਭਾਰਤ ਨੇ ਅੱਧੇ ਸਮੇਂ ਤੱਕ ਲੀਡ ਬਰਕਰਾਰ ਰੱਖੀ। ਬੈਲਜੀਅਮ ਨੇ ਤੀਜੇ ਕੁਆਰਟਰ ਵਿੱਚ ਦੋ ਗੋਲ ਕਰ ਕੇ ਲੀਡ ਬਣਾਈ, ਜੋ ਆਖ਼ਰੀ ਸਮੇਂ ਤੱਕ ਕਾਇਮ ਰਹੀ। ਬੈਲਜੀਅਮ ਲਈ ਥਿਬੂ ਸਟਾਕਬ੍ਰੋਕਸ ਨੇ 33ਵੇਂ ਅਤੇ ਜੌਹਨ ਡੋਮੈਨ ਨੇ 44ਵੇਂ ਮਿੰਟ ਵਿੱਚ ਗੋਲ ਕੀਤੇ। ਪਿਛਲੇ ਮੈਚਾਂ ਵਾਂਗ ਭਾਰਤ ਨੂੰ ਇਸ ਵਾਰ ਵੀ 59ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਪਰ ਇਸ ਵਾਰ ਕਪਤਾਨ ਹਰਮਨਪ੍ਰੀਤ ਸਿੰਘ ਦਾ ਸ਼ਾਟ ਬੈਲਜੀਅਮ ਦੇ ਗੋਲਕੀਪਰ ਵਿਨਸੇਂਟ ਵਾਨਾਸ਼ ਨੇ ਬੜੀ ਫੁਰਤੀ ਨਾਲ ਰੋਕ ਲਿਆ। ਟੋਕੀਓ ਓਲੰਪਿਕ ਸੈਮੀ ਫਾਈਨਲ ਵਿੱਚ ਵੀ ਬੈਲਜੀਅਮ ਨੇ ਭਾਰਤ ਨੂੰ ਹਰਾਇਆ ਸੀ, ਜਦੋਂ ਆਖ਼ਰੀ ਕੁਆਰਟਰ ਵਿੱਚ ਉਸ ਨੇ ਤਿੰਨ ਗੋਲ ਕਰਕੇ ਮੁਕਾਬਲਾ 5-2 ਨਾਲ ਜਿੱਤਿਆ ਸੀ। ਭਾਰਤ ਵਿੱਚ ਹੋਏ ਵਿਸ਼ਵ ਕੱਪ 2018 ’ਚ ਬੈਲਜੀਅਮ ਦਾ ਸਹਾਇਕ ਕੋਚ ਰਿਹਾ ਕ੍ਰੈਗ ਫੁਲਟੋਨ ਇਸ ਵੇਲੇ ਭਾਰਤੀ ਟੀਮ ਦਾ ਕੋਚ ਹੈ, ਜਿਸ ਨੇ ਟੀਮ ਨੂੰ ਪੂਰੀ ਤਿਆਰੀ ਨਾਲ ਮੈਦਾਨ ’ਚ ਉਤਾਰਿਆ ਸੀ। -ਪੀਟੀਆਈ