ਪੈਰਿਸ, 8 ਅਗਸਤ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਪ੍ਰਧਾਨ ਸੰਜੇ ਸਿੰਘ ਨੇ ਅੱਜ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਪੀਲ ਕੀਤੀ ਕਿ ਉਹ ‘ਦੁਖੀ ਮਨ’ ਨਾਲ ਖੇਡ ਤੋਂ ਸੰਨਿਆਸ ਲੈਣ ਵਰਗਾ ਫ਼ੈਸਲਾ ਨਾ ਲਵੇ। ਉਹ ਵਿਨੇਸ਼ ਨੂੰ ਨਿੱਜੀ ਤੌਰ ’ਤੇ ਮਿਲਣ ਚਾਹੁੰਦੇ ਹਨ। ਪੈਰਿਸ ਵਿੱਚ ਨਿਰਾਸ਼ਾਜਨਕ ਘਟਨਾਕ੍ਰਮ ਤੋਂ ਵਿਨੇਸ਼ ਦਾ ਓਲੰਪਿਕ ਤਗ਼ਮੇ ਦਾ ਸੁਫਨਾ ਟੁੱਟ ਗਿਆ।
ਇਸ ਮਗਰੋਂ ਉਸ ਨੇ ਸੋਸ਼ਲ ਮੀਡੀਆ ’ਤੇ ਆਪਣੇ ਕੌਮਾਂਤਰੀ ਕੁਸ਼ਤੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। ਇਸ 29 ਸਾਲਾ ਪਹਿਲਵਾਨ ਨੂੰ ਬੁੱਧਵਾਰ ਨੂੰ ਓਲੰਪਿਕ ਵਿੱਚ ਆਪਣੇ 50 ਕਿਲੋ ਭਾਰ ਵਰਗ ਦੇ ਸੋਨ ਤਗ਼ਮੇ ਦੇ ਮੁਕਾਬਲੇ ਤੋਂ ਪਹਿਲਾਂ 100 ਗ੍ਰਾਮ ਵੱਧ ਵਜ਼ਨ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਸੰਜੇ ਸਿੰਘ ਨੇ ਕਿਹਾ, ‘‘ਮੈਨੂੰ ਸੋਸ਼ਲ ਮੀਡੀਆ ’ਤੇ ਵਿਨੇਸ਼ ਦੇ ਸੰਨਿਆਸ ਬਾਰੇ ਪਤਾ ਲੱਗਿਆ ਅਤੇ ਮੈਂ ਇਹ ਦੇਖ ਕੇ ਵੀ ਹੈਰਾਨ ਹਾਂ ਕਿ ਉਸ ਨੇ ਖ਼ੁਦ ਹੀ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ।’’
ਉਨ੍ਹਾਂ ਕਿਹਾ, ‘‘ਮੈਂ ਭਾਰਤੀ ਕੁਸ਼ਤੀ ਫੈਡਰੇਸ਼ਨ ਤਰਫ਼ੋਂ ਉਸ ਨੂੰ ਅਪੀਲ ਕਰਾਂਗਾ ਕਿ ਉਹ ਦੁਖੀ ਮਨ ਨਾਲ ਇੰਨਾ ਵੱਡਾ ਫ਼ੈਸਲਾ ਨਾ ਲਵੇ ਅਤੇ ਇਸ ਨਿਰਾਸ਼ਾ ਤੋਂ ਮਾਨਸਿਕ ਤੌਰ ’ਤੇ ਉੱਭਰਨ ਮਗਰੋਂ ਹੀ ਤਰਕਸੰਗਤ ਫ਼ੈਸਲਾ ਲਵੇ। ਅਸੀਂ ਇਸ ਬਾਰੇ ਗੱਲ ਕਰਾਂਗੇ।’’
ਵਿਨੇਸ਼ ਨੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐੱਸ) ਵਿੱਚ 50 ਕਿਲੋ ਭਾਰ ਵਰਗ ਦੇ ਓਲੰਪਿਕ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਖ਼ਿਲਾਫ਼ ਅਪੀਲ ਕੀਤੀ ਹੈ, ਜਿਸ ਵਿੱਚ ਉਸ ਨੇ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦੇਣ ਦੀ ਮੰਗ ਕੀਤੀ ਹੈ। -ਪੀਟੀਆਈ
‘ਫੈਡਰੇਸ਼ਨ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ’
ਪਹਿਲਵਾਨ ਅੰਤਿਮ ਪੰਘਾਲ ਬਾਰੇ ਪੁੱਛੇ ਜਾਣ ’ਤੇ ਸੰਜੇ ਸਿੰਘ ਨੇ ਕਿਹਾ ਕਿ ਜੇ ਫੈਡਰੇਸ਼ਨ ਨੂੰ ਕੁੱਝ ਕੋਚਾਂ ਦੀ ਦਖ਼ਲਅੰਦਾਜ਼ੀ ਤੋਂ ਬਿਨਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਤਾਂ ਦੇਸ਼ ਨੂੰ ਇਸ ਸਥਿਤੀ ਵਿੱਚੋਂ ਨਾ ਲੰਘਣਾ ਪੈਂਦਾ। ਅੰਤਿਮ ਨੇ ਆਪਣੇ ਐਕਰੀਡਿਟੇਸ਼ਨ ਕਾਰਡ ਨਾਲ ਆਪਣੀ ਭੈਣ ਨੂੰ ਓਲੰਪਿਕ ਪਿੰਡ ਵਿੱਚ ਦਾਖ਼ਲ ਕਰਨ ਦੀ ਕੋਸ਼ਿਸ਼ ਕਰਕੇ ਭਾਰਤੀ ਓਲੰਪਿਕ ਟੀਮ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ, ‘‘ਇਹ ਹਾਸੋਹੀਣਾ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਉਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ, ਜੋ ਅਸੀਂ ਕਰਨਾ ਚਾਹੁੰਦੇ ਹਾਂ। ਅਸੀਂ ਅਨੁਸ਼ਾਸਨ ਬਣਾਉਂਦੇ ਹਾਂ। ਅਸੀਂ ਚੁਣੇ ਹੋਏ ਕੋਚਾਂ ਨੂੰ ਕੌਮਾਂਤਰੀ ਮੁਕਾਬਲਿਆਂ ਵਿੱਚ ਭੇਜਦੇ ਹਾਂ ਪਰ ਕੁੱਝ ਅਧਿਕਾਰੀ ਮਨਮਰਜ਼ੀ ਨਾਲ ਕੰਮ ਕਰ ਰਹੇ ਹਨ, ਜਿਸ ਨਾਲ ਕੁਸ਼ਤੀ ਵਿੱਚ ਅਨੁਸ਼ਾਸਨਹੀਣਤਾ ਹੋ ਰਹੀ ਹੈ।’’ ਡਬਲਿਊਐੱਫਆਈ ਪ੍ਰਧਾਨ ਨੇ ਕਿਹਾ, ‘‘ਸਾਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। ਜੇ ਅਜਿਹਾ ਹੁੰਦਾ ਤਾਂ ਇੰਨੀ ਸ਼ਰਮਿੰਦਗੀ ਨਾ ਹੁੰਦੀ।’’ ਪੰਘਾਲ ਬੁੱਧਵਾਰ ਨੂੰ ਮਹਿਲਾਵਾਂ ਦੇ 53 ਕਿਲੋ ਭਾਰ ਵਰਗ ਵਿੱਚ ਆਪਣਾ ਪਹਿਲਾ ਮੁਕਾਬਲਾ ਹਾਰਨ ਮਗਰੋਂ ਓਲੰਪਿਕ ’ਚੋਂ ਬਾਹਰ ਹੋ ਗਈ ਸੀ।