ਚੰਡੀਗੜ੍ਹ: ਪਿੰਡ ਖੁੱਡਾ ਅਲੀ ਸ਼ੇਰ ’ਚ ਤਿੰਨ ਸਕੂਲਾਂ ਦੇ ਵਿਚਕਾਰ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਦਾ ਵਿਰੋਧ
Chandigarh: Villagers protest against liquor vend opened between three schools in village Khuda Ali Sher
ਕੁਲਦੀਪ ਸਿੰਘ
ਚੰਡੀਗੜ੍ਹ, 21 ਅਪਰੈਲ
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀ ਸ਼ੇਰ ਵਿੱਚ ਤਿੰਨ ਸਕੂਲਾਂ ਦੇ ਵਿਚਕਾਰ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਦਾ ਪਿੰਡ ਵਾਸੀਆਂ ਵੱਲੋਂ ਅੱਜ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਠੇਕਾ ਖੋਲ੍ਹ ਕੇ ਅੰਦਰ ਸ਼ਰਾਬ ਦੀਆਂ ਬੋਤਲਾਂ ਰੱਖ ਦਿੱਤੀਆਂ ਗਈਆਂ ਹਨ ਅਤੇ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਠੇਕੇ ਦਾ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 100 ਮੀਟਰ ਦਾ ਵੀ ਫ਼ਾਸਲਾ ਨਹੀਂ ਹੈ ਅਤੇ ਨਜ਼ਦੀਕ ਹੀ ਦੋ ਪ੍ਰਾਈਵੇਟ ਸਕੂਲ ਵੀ ਹਨ। ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਸਰਪ੍ਰਸਤ ਅਤੇ ਪਿੰਡ ਦੇ ਸਾਬਕਾ ਸਰਪੰਚ ਤੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਚੰਡੀਗੜ੍ਹ ਬਾਬਾ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਲੋਕ ਮਾਰਕੀਟ ਵਿੱਚ ਇਕੱਠੇ ਹੋਏ, ਜਿਨ੍ਹਾਂ ਨੇ ਸ਼ਰਾਬ ਕਾਰੋਬਾਰੀਆਂ ਨੂੰ ਖੂਬ ਭੰਡਦਿਆਂ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਥੇ ਸ਼ਰਾਬ ਦਾ ਠੇਕਾ ਨਾ ਖੁੱਲ੍ਹਣ ਦੇਣ ਦਾ ਐਲਾਨ ਕੀਤਾ। ਉਨ੍ਹਾਂ ਯੂਟ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਕੱਤਰ ਹੋਏ ਲੋਕਾਂ ਵਿੱਚ ਪਿੰਡ ਦੇ ਯੂਥ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੋਮਲ, ਬਲਜੀਤ ਸਿੰਘ ਖ਼ਾਲਸਾ, ਅਵਤਾਰ ਸਿੰਘ ਠੇਕੇਦਾਰ, ਨਰੇਸ਼ ਸ਼ਰਮਾ ਗੋਲਡੀ, ਸਿਮਰਨਜੀਤ ਸਿੰਘ ਸਿੰਮੀ, ਗਿਆਨੀ ਖ਼ੁਸ਼ਹਾਲ ਸਿੰਘ, ਸਾਬਕਾ ਪੰਚ ਗੁਰਚਰਨ ਸਿੰਘ ਉਰਫ਼ ਮਾਘੀ ਅਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਵਿੱਚ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਦੇ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਿਆ ਪਰ ਹੁਣ ਚੁੱਪ-ਚੁਪੀਤੇ ਇਹ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੀ ਉਹ ਹਰਗਿਜ਼ ਇਜਾਜ਼ਤ ਨਹੀਂ ਦੇਣਗੇ।

