ਜਗਤਾਰ ਸਮਾਲਸਰ
ਏਲਨਾਬਾਦ, 25 ਅਪਰੈਲ
ਪਿੰਡ ਪ੍ਰਤਾਪ ਨਗਰ ਮੋੜ ਤੋਂ ਪਿੰਡ ਅੰਮ੍ਰਿਤਸਰ ਕਲਾਂ ਤੱਕ ਬਣੀ ਸੜਕ ਜਿਸ ਦੀ ਚੌੜਾਈ ਕਾਗਜ਼ਾਂ ’ਚ 27.5 ਫੁੱਟ ਤੋਂ ਲੈ ਕੇ 33 ਫੁੱਟ ਤੱਕ ਹੈ ਪਰ ਇਸ ਸੜਕ ਨਾਲ ਲੱਗਦੇ ਖੇਤਾਂ ਦੇ ਮਾਲਕਾਂ ਵੱਲੋਂ ਸੜਕ ਦੇ ਬਰਮ ਕੱਟੇ ਜਾਣ ਕਾਰਨ ਸੜਕ ਦੀ ਚੌੜਾਈ ਹੁਣ ਸਿਰਫ 12 ਤੋਂ 15 ਫੁੱਟ ਤੱਕ ਹੀ ਰਹਿ ਗਈ ਹੈ। ਪਿੰਡ ਵਾਸੀਆਂ ਸਰਬਜੀਤ ਸਿੰਘ ਸਿੱਧੂ, ਸੁਮਿਤ ਸਿੰਘ ਵਿਰਕ, ਗੁਰਮੇਜ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਆਦਿ ਨੇ ਦੱਸਿਆ ਕਿ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਇੱਥੇ ਕਈ ਹਾਦਸੇ ਹੋ ਚੁੱਕੇ ਹਨ ਅਤੇ ਦੋ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ ਪਰ ਸਬੰਧਤ ਵਿਭਾਗ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਆਖਿਆ ਕਿ ਇਸ ਸਮੱਸਿਆ ਦੇ ਹੱਲ ਲਈ ਜੂਨ 2023 ਵਿੱਚ ਐੱਸਡੀਐੱਮ ਏਲਨਾਬਾਦ ਅਤੇ ਮਾਰਕੀਟ ਕਮੇਟੀ ਨੂੰ ਪੱਤਰ ਲਿਖਿਆ ਗਿਆ ਸੀ ਤਾਂ ਉਨ੍ਹਾਂ ਵੱਲੋਂ ਸੜਕ ਦੀ ਪੈਮਾਇਸ਼ ਕਰਵਾ ਕੇ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਸੀ ਪਰ ਅੱਗੇ ਕੋਈ ਕਾਰਵਾਈ ਨਹੀਂ ਹੋਈ। ਫਿਰ 26 ਜੂਨ 2024 ਨੂੰ ਮਾਰਕੀਟ ਕਮੇਟੀ ਨੂੰ ਲਿਖਤੀ ਪੱਤਰ ਦਿੱਤਾ ਗਿਆ। ਮਾਰਕੀਟ ਕਮੇਟੀ ਵੱਲੋਂ 2 ਜੁਲਾਈ 2024 ਨੂੰ ਐਕਸੀਅਨ ਨੂੰ ਮਾਰਕ ਕਰ ਦਿੱਤਾ ਗਿਆ। ਐਕਸੀਅਨ ਨੇ ਉਸ ਦਿਨ ਹੀ ਬੀਡੀਪੀਓ ਏਲਨਾਬਾਦ ਨੂੰ ਪੱਤਰ ਮਾਰਕ ਕੀਤਾ ਅਤੇ ਬੀਡੀਪੀਓ ਵੱਲੋਂ 4 ਜੁਲਾਈ ਨੂੰ ਪੰਚਾਇਤ ਸਕੱਤਰ ਅੰਮ੍ਰਿਤਸਰ ਕਲਾਂ ਨੂੰ ਮਾਰਕ ਕੀਤਾ ਗਿਆ ਪਰ ਉਸਦੇ ਬਾਅਦ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਹੱਲ ਕੀਤੀ ਜਾਵੇ

