ਦੂਜਿਆਂ ਲਈ ਰਾਹ ਦਸੇਰਾ ਬਣਿਆ ਮੋਗਾ ਦਾ ਅਗਾਂਹਵਧੂ ਕਿਸਾਨ ਕੁਲਦੀਪ ਸਿੰਘ
ਨਿੱਜੀ ਪੱਤਰ ਪ੍ਰੇਰਕ ਮੋਗਾ, 23 ਜਨਵਰੀ ਖੇਤੀ ਵਿਭਿੰਨਤਾ ਤਹਿਤ ਹਰ ਸਾਲ ਆਪਣੀ ਜ਼ਮੀਨ ਵਿੱਚ ਕੁਝ ਨਵਾਂ ਕਰਨ ਦੀ ਚਾਹ ਰੱਖਣ ਵਾਲੇ ਸਥਾਨਕ ਸ਼ਹਿਰ ਦੇ ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਨੇ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਛੱਡਕੇ ਉਸਨੇ ਸਰ੍ਹੋਂ, ਛੋਲੇ ਤੇ ਅਮਰੂਦਾਂ...
ਨਿੱਜੀ ਪੱਤਰ ਪ੍ਰੇਰਕ
ਮੋਗਾ, 23 ਜਨਵਰੀ
ਖੇਤੀ ਵਿਭਿੰਨਤਾ ਤਹਿਤ ਹਰ ਸਾਲ ਆਪਣੀ ਜ਼ਮੀਨ ਵਿੱਚ ਕੁਝ ਨਵਾਂ ਕਰਨ ਦੀ ਚਾਹ ਰੱਖਣ ਵਾਲੇ ਸਥਾਨਕ ਸ਼ਹਿਰ ਦੇ ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਨੇ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਛੱਡਕੇ ਉਸਨੇ ਸਰ੍ਹੋਂ, ਛੋਲੇ ਤੇ ਅਮਰੂਦਾਂ ਦਾ ਬਾਗ ਲਗਾਇਆ ਤੇ ਪਾਣੀ ਸਟੋਰ ਕਰਨ ਲਈ ਇੱਕ ਹੈਕਟੇਅਰ ਰਕਬੇ ਵਿੱਚ ਟੈਂਕ ਬਣਾ ਕੇ ਮੱਛੀ ਪਾਲਣ ਤੇ ਟੈਂਕ ਉੱਪਰ ਮੁਰਗੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ।
ਖੇਤੀਬਾੜੀ ਵਿਭਾਗ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਅਤੇ ਖੇਤੀ ਵਿਗਿਆਨੀ ਰਾਜ ਪੁਰਸਕਾਰ ਜੇਤੂ ਡਾ. ਜਸਵਿੰਦਰ ਸਿੰਘ ਬਰਾੜ ਨੇ ਅਗਾਂਹਵਧੂ ਕਿਸਾਨ ਦੇ ਖੇਤ ਵਿੱਚ ਨਿਰੀਖਣ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਸੇਧ ਲੈਣ ਦਾ ਸੱਦਾ ਦਿੰਦਿਆਂ ਇਸ ਕਿਸਾਨ ਦੇ ਖੇਤੀ ਵਿਭਿੰਨਤਾ ਪ੍ਰਤੀ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਆਖਿਆ ਕਿ ਖੇਤੀ ਨਾਲ ਸਹਾਇਕ ਧੰਦੇ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਉਸਨੇ ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਬਿਜਾਈ ਕੀਤੀ ਤੇ ਜਦੋਂ ਕਣਕ ’ਤੇ ਸੁੰਡੀ ਦਾ ਹਮਲਾ ਹੋ ਗਿਆ ਤਾਂ ਖੇਤੀ ਵਿਭਾਗ ਵਿਗਿਆਨੀਆਂ ਨੇ ਖੇਤ ਦਾ ਦੌਰਾ ਕੀਤਾ ਤੇ ਦੱਸਿਆ ਕਿ ਇਹ ਹਮਲਾ ਮੌਸਮ ਤਬਦੀਲੀ ਤੇ ਗਰਮ ਮੌਸਮ ਕਰਕੇ ਹੋਇਆ ਹੈ, ਇਸਦਾ ਬਿਨਾਂ ਪਰਾਲੀ ਸਾੜੇ ਕਣਕ ਦੀ ਕੀਤੀ ਬਿਜਾਈ ਨਾਲ ਸਰੋਕਾਰ ਨਹੀਂ। ਖੇਤੀ ਵਿਭਾਗ ਵਿਗਿਆਨੀਆਂ ਦੀ ਸਲਾਹ ਮਗਰੋਂ ਹਫ਼ਤੇ ਬਾਅਦ ਮੌਸਮ ਵਿੱਚ ਠੰਢਕ ਆਉਣ ਨਾਲ ਸੁੰਡੀ ਦਾ ਕੁਦਰਤੀ ਤੌਰ ਉੱਤੇ ਖ਼ਾਤਮਾ ਹੋ ਗਿਆ।
ਕਿਸਾਨ ਨੇ ਦੱਸਿਆ ਕਿ ਉਸਨੇ ਖੇਤੀ ਵਿਭਿੰਨਤਾ ਤਹਿਤ ਖੇਤ ਵਿੱਚ ਸਰ੍ਹੋਂ, ਛੋਲਿਆਂ ਦੀ ਕਾਸ਼ਤ ਤੋਂ ਇਲਾਵਾ ਅਮਰੂਦ ਦਾ ਬਾਗ ਲਗਾਇਆ ਹੈ ਅਤੇ ਉਸਨੂੰ ਚੰਗੀ ਆਮਦਨ ਪ੍ਰਾਪਤ ਹੋਣ ਦੀ ਆਸ ਹੈ। ਉਸਨੇ ਦੱਸਿਆ ਕਿ ਉਹ ਮੱਛੀ ਪਾਲਣ ਲਈ ਇੱਕ ਹੈਕਟੇਅਰ ਰਕਬੇ ਵਿੱਚ ਸਟੋਰ ਕੀਤਾ ਪਾਣੀ ਕੁਦਰਤੀ ਖੇਤੀ ਲਈ ਸਿੰਜਾਈ ਦੇ ਤੌਰ ਉੱਤੇ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਰਗੀਖਾਨੇ ਦੀ ਖਾਦ ਮੱਛੀ ਫਾਰਮ ਵਰਤੋਂ ਵਿੱਚ ਲਿਆਂਦੀ ਜਾ ਰਹੀ ਹੈ। ਉਸਨੇ ਮੁਰਗੀ ਤੇ ਮੱਛੀ ਪਾਲਣ ਧੰਦੇ ਨੂੰ ਲਾਹੇਵੰਦ ਦੱਸਿਆ।

