ਪੱਤਰ ਪ੍ਰੇਰਕ
ਜ਼ੀਰਾ, 25 ਅਪਰੈਲ
ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਸੈਸ਼ਨ 2024-25 ਲਈ ਪੰਜਾਬ ਰਾਜ ਪ੍ਰਤਿਭਾ ਖੋਜ ਸਕਾਲਰਸ਼ਿਪ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਮੈਰਿਟ ਦੇ ਆਧਾਰ ’ਤੇ ਕੀਤੀ ਗਈ ਚੋਣ ਵਿੱਚ ਕੁੱਲ 500 ਪ੍ਰੀਖਿਆਰਥੀਆਂ ਦੀ ਚੋਣ ਹੋਈ, ਜਿਸ ਵਿੱਚ ਸ਼ਹੀਦ ਗੁਰਦਾਸ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੀਆਂ 29 ਵਿਦਿਆਰਥਣਾਂ ਨੇ ਮੈਰਿਟ ਹਾਸਲ ਕੀਤੀ, ਜਿਸ ਵਿੱਚ ਕੋਮਲਪ੍ਰੀਤ ਕੌਰ ਨੇ ਪੰਜਾਬ ਭਰ ਵਿੱਚ ਦੂਜਾ ਰੈਂਕ ਅਤੇ ਨਵਜੋਤ ਕੌਰ ਨੇ ਤੀਜਾ ਰੈਂਕ ਪ੍ਰਾਪਤ ਕਰਕੇ ਇਤਿਹਾਸ ਰਚਿਆ ਹੈ। ਇਸ ਸਬੰਧੀ
ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਇੱਕ ਸਕੂਲ ਦੇ 29 ਵਿਦਿਆਰਥਣਾਂ ਨੇ ਪੀਐੱਸਟੀਐੱਸਈ -10 ਦੀ ਚੋਣ ਲਈ ਇਹ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਸਕੂਲ ਦੀਆਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਕੋਮਲਪ੍ਰੀਤ ਕੌਰ ਨੇ ਦੂਸਰਾ ਰੈਂਕ, ਨਵਜੋਤ ਕੌਰ ਨੇ ਤੀਸਰਾ ਰੈਂਕ ਇਸਤੋਂ ਇਲਾਵਾ ਜੈਸਮੀਨ ਕੌਰ, ਰਮਨਦੀਪ, ਹਰਪ੍ਰੀਤ ਕੌਰ, ਰਸਮਪ੍ਰੀਤ ਕੌਰ ਆਦਿ 29 ਵਿਦਿਆਰਥਣਾ ਨੇ ਪਹਿਲੇ ਰੈਂਕ ਪ੍ਰਾਪਤ ਕਰਕੇ ਮੈਰਿਟ ਹਾਸਲ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਮੁਨੀਲਾ ਅਰੋੜਾ,ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਪ੍ਰਿੰਸੀਪਲ ਚਮਕੌਰ ਸਿੰਘ ਸਰਾਂ ਨੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

